ਦੇਵਾ ਨੰਦ ਸ਼ਰਮਾ
ਫਰੀਦਕੋਟ 16 ਜਨਵਰੀ 2019 ਸਵੀਪ ਪ੍ਰੋਗਰਾਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਅਤੇ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਅਧੀਨ ਜਿਲ੍ਹੇ ਵਿਚ ਪੈਂਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਿਚ ਪੇਂਟਿੰਗ, ਸਲੋਗਨ ਰਾਈਟਿੰਗ, ਹਸਤਾਖ਼ਰ ਅਭਿਆਨ, ਰੰਗੋਲੀ, ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਵੀਪ ਪ੍ਰੋਜੈਕਟ ਤਹਿਤ ਤਾਇਨਾਤ ਕੀਤੇ ਗਏ ਨੋਡਲ ਅਧਿਕਾਰੀ ਅਤੇ ਕੈਂਪਸ ਅੰਬੈਸਡਰ ਯੋਗ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਰੈਲੀਆਂ ਕੱਢੀਆ ਜਾਣ।
ਉਨ੍ਹਾਂ ਅਧਿਕਾਰੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿਚ ਸਰਵਿਸ ਵੋਟਰਾਂ, ਮਾਈਗਰੇਟ ਵੋਟਰ ਸਬੰਧੀ, ਸੀ.ਈ.ਓ ਵੈੱਬਸਾਈਟ ਤੇ ਅਪਡੇਸ਼ਨ, ਨੁੱਕੜ ਨਾਟਕ ਆਦਿ ਨਾਲ ਵੋਟਰਾਂ ਵਿਚ ਪ੍ਰਚਾਰ ਦੇ ਪ੍ਰਬੰਧ ਕਰਨ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਮਰ ਚੁੱਕੇ ਵੋਟਰਾਂ ਦੀ ਵੋਟ ਕੱਟਣ ਲਈ ਨਿਯਮਾਂ ਅਨੁਸਾਰ ਕਰਵਾਈ ਕਰਨ ਲਈ ਵੀ ਆਖਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿ) ਮੈਡਮ ਪਰਮਜੀਤ ਕੌਰ, ਐਸ.ਡੀ.ਐਮ. ਫਰੀਦਕੋਟ/ਕੋਟਕਪੂਰਾ ਸ: ਪਰਮਦੀਪ ਸਿੰਘ, ਮੈਡਮ ਅਨਮਜੋਤ ਕੌਰ ਐਸ.ਡੀ.ਐਮ. ਜੈਤੋ ਅਤੇ ਸ: ਬਲਵਿੰਦਰ ਸਿੰਘ ਸਹਾਇਕ ਕਮਿਸ਼ਨਰ ਜਨਰਲ , ਬਲਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ ਸੈਕਡੰਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।