ਆਪਣੇ 13 ਵੇਂ ਜਨਮਦਿਨ ਤੇ ਡੀ ਸੀ ਫਤਹਿਗੜ੍ਹ ਸਾਹਿਬ ਸ਼ਿਵਦੁਲਾਰ ਢਿਲੋਂ ਨੂੰ ਬੂਟੇ ਦਿੰਦਾ ਹੋਇਆ ਹਰਵਿੰਕਲ ਸਿੰਘ ਗੁਰਨਾ ਅਤੇ ਉਸਦੇ ਪਰਿਵਾਰਕ ਮੈਂਬਰ
ਫਤਹਿਗੜ੍ਹ ਸਾਹਿਬ : 15 ਦਸੰਬਰ 2018 - ਅੱਜ ਦੇ ਸਮੇਂ ਜਿੱਥੇ ਬੱਚੇ ਤਰ੍ਹਾਂ-ਤਰ੍ਹਾਂ ਦੇ ਖਾਣ ਪਦਾਰਥਾਂ ਨਾਲ ਆਪਣਾ ਜਨਮਦਿਨ ਮਨਾੁੳਣਾ ਪਸੰਦ ਕਰਦੇ ਹਨ, ਉਥੇ ਹੀ ਅਜਿਹੇ ਵੀ ਬੱਚੇ ਹਨ ਜੋ ਆਪਣੇ ਜਨਮਦਿਨ ਮੌਕੇ ਕੋਈ ਅਜਿਹਾ ਕੰਮ ਕਰਦੇ ਹਨ ਜਿਸ ਨਾਲ ਉਹ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ ਤੇ ਆਪਣੇ ਵਾਤਾਵਰਨ ਨੂੰ ਸਾਫ ਰੱਖਣ ਵਿਚ ਵਡਮੁੱਲਾ ਯੌਗਦਾਨ ਪਾ ਸਕਣ।
ਇਸੇ ਤਰ੍ਹਾਂ ਨਾਲ ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਅਤਾਪੁਰ ਦੇ ਇੱਕ ਬੱਚੇ ਹਰਵਿੰਕਲ ਸਿੰਘ ਗੁਰਨਾ ਨੇ ਆਪਣਾ 13 ਵਾਂ ਜਨਮਦਿਨ ਡੀ.ਸੀ ਫਤਹਿਗੜ੍ਹ ਸਾਹਿਬ ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਬੂਟੇ ਵੰਡ ਕੇ ਮਨਾਇਆ । ਇਸ ਮੌਕੇ ਬੋਲਦਿਆਂ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਇਸ ਬੱਚੇ ਦੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਪ੍ਰਤੀ ਦਿਲਚਸਪੀ ਅਤੇ ਸੋਚ ਨੂੰ ਲੈ ਕੇ ਬਹੁਤ ਪ੍ਰਭਾਵਿਤ ਹਨ। ਉਹਨਾਂ ਅੱਗੇ ਕਿਹਾ ਕਿ ਅੱਜ ਦਰੱਖਤਾਂ ਦੀ ਗਿਣਤੀ ਘਟਣ ਨਾਲ ਵਾਤਾਵਰਣ ਲਗਾਤਾਰ ਖ਼ਰਾਬ ਹੋ ਰਿਹਾ ਹੈ, ਜਿਸ ਕਰਕੇ ਸਾਡਾ ਸਾਰਿਆਂ ਦਾ ਹੀ ਨੈਤਿਕ ਫ਼ਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਕਿਸੇ ਵੀ ਖੁਸ਼ੀ ਅਤੇ ਤਿਉਹਾਰ ਦੇ ਮੌਕੇ ਬੂਟਾ ਲਗਾਉਣ ਅਤੇ ਬੂਟੇ ਵੰਡਣ ਦੀ ਪ੍ਰੰਪਰਾ ਸ਼ੁਰੂ ਕਰੀਏ । ਇਸ ਮੌਕੇ ਢਿਲੋਂ ਨੇ ਗੁਰਨਾ ਪਰਿਵਾਰ ਨੂੰ ਬੱਚੇ ਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਹਨਾਂ ਵੱਲੋਂ ਕੀਤੇ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬੱਚੇ ਹਰਵਿੰਕਲ ਸਿੰਘ ਨੇ ਕਿਹਾ ਕਿ ਸਾਡਾ ਪਰਿਵਾਰ ਕੋਈ ਵੀ ਖੁਸ਼ੀ ਦਾ ਮੌਕਾ ਜਾਂ ਤਿਉਹਾਰ ਸਮਾਜ ਭਲਾਈ ਦਾ ਕਾਰਜ ਕਰਕੇ ਹੀ ਮਨਾਉਦਾ ਹੈ।
ਇਸ ਤੋਂ ਪਹਿਲਾਂ ਮੇਰੀ ਛੋਟੀ ਭੈਣ ਜਸਕੀਰਤ ਕੌਰ ਗੁਰਨਾ ਨੇ ਆਪਣਾ 10 ਵਾਂ ਜਨਮਦਿਨ ਪੁਲਿਸ ਪ੍ਰਸ਼ਾਸਨ ਨੂੰ ਬੂਟੇ ਵੰਡ ਕੇ ਐਸ ਐਸ ਪੀ ਮੈਡਮ ਸ੍ਰੀਮਤੀ ਅਲਕਾ ਮੀਨਾ ਨਾਲ ਮਨਾਇਆ ਸੀ। ਬੱਚੇ ਹਰਵਿੰਕਲ ਸਿੰਘ ਨੇ ਸਮਾਜ ਦੇ ਸਭ ਵਰਗਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਸਾਨੂੰ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੀ ਇਕ ਮੁਹਿੰਮ ਸ਼ੁਰੂ ਕਰਨ ਦੀ ਸਖਤ ਲੋੜ ਹੈ ਤਾਂ ਜੋ ਸਮਾਜ ਨੂੰ ਖੁਸ਼ਹਾਲ ਤੇ ਤੰਦਰਸੁਤ ਵਾਤਾਵਰਨ ਦਿੱਤਾ ਜਾਵੇ। -