ਪੰਜਾਬ ਤੋਂ ਸਾਹਿਤਕਾਰ ਅਤੇ ਵਿਦਵਾਨ ਮਲੇਸ਼ੀਆ ਲਈ ਰਵਾਨਾ
ਪਟਿਆਲਾ -ਪੰਜਾਬੀਆਂ ਨੇ ਪੂਰੀ ਦੁਨੀਆਂ ਦੇ ਦੇਸ਼ਾਂ ਚ ਆਪਣੀ ਸਖਤ ਮਿਹਨਤ ਸਦਕਾ ਹਰ ਖੇਤਰ ਚ ਆਪਣਾ ਝੰਡਾ ਬਰਦਾਰ ਕੀਤਾ ਹੈ।ਖੇਤੀਬਾੜੀ, ਵਿਗਿਆਨ, ਰਾਜਨੀਤੀ, ਸੱਭਿਆਚਾਰ,ਟੈਕਨਾਲੋਜੀ, ਇਲੈਕਟ੍ਰਾਨਿਕ ਆਦਿ ਦੇ ਖੇਤਰਾਂ ਚ ਮਿਹਨਤ ਨਾਲ ਆਪਣੀ ਕਾਮਯਾਬੀ ਦਾ ਲੋਹਾ ਮੰਨਵਾਇਆ ਹੈ।ਇਸਦੇ ਬਾਵਜੂਦ ਵੀ ਵਿਸਵ ਪੰਜਾਬੀ ਭਾਈਚਾਰਾ ਮੁਸ਼ਕਲਾਂ ਅਤੇ ਸਮੱਸਿਆਵਾਂ ਨਾਲ ਜੂਝ ਰਿਹਾ ਹੈ।ਇਸ ਪ੍ਰਤੀ ਵਿਚਾਰ ਵਟਾਂਦਰਾ ਕਰਨ ਲਈ ਵਿਸ਼ਵ ਪੰਜਾਬੀ ਭਾਈਚਾਰਾ ਰਜਿ. ਚੰਡੀਗੜ੍ਹ ਵੱਲੋਂ ਆਜ਼ਾਦ ਪੰਜਾਬੀ ਮੰਚ ਕੁਆਲਾਲੰਪੁਰ, ਮਲੇਸ਼ੀਆ ਦੇ ਸਹਿਯੋਗ ਨਾਲ 'ਵਿਸ਼ਵ ਪੰਜਾਬੀ ਭਾਈਚਾਰਾ :ਵਰਤਮਾਨ ਅਤੇ ਭਵਿੱਖ' ਵਿਸ਼ੇ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਇੰਡੀਅਨ ਕਲਚਰ ਸੈਂਟਰ ਕੁਆਲਾਲੰਪੁਰ(ਮਲੇਸ਼ੀਆ) ਵਿਖੇ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ।
ਪੰਜਾਬ ਤੋਂ ਡਾ.ਕੰਵਰ ਜਸਮਿੰਦਰ ਪਾਲ ਸਿੰਘ, ਤਰਲੋਚਨ ਸਿੰਘ ਤੋਚੀ ਬਾਈ (ਸੰਗੀਤਕਾਰ), ਮਲੇਸ਼ੀਆ ਤੋਂ ਮਨਦੀਪ ਸਿੰਘ,ਗੀਤਕਾਰ ਅਤੇ ਗਾਇਕ ਸੰਦੀਪ ਵਰਮਾ ਨੇ ਇਹ ਕਾਨਫਰੰਸ 22 ਅਤੇ 23 ਨਵੰਬਰ ਨੂੰ ਕਰਵਾਉਣ ਦਾ ਸਮਾਂ ਨਿਸ਼ਚਿਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਪ੍ਰਬੰਧਕ ਇੰਜੀਨੀਅਰ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਇਸ ਕਾਨਫਰੰਸ ਨੂੰ ਮੁਕੱਰਰ ਕਰਨ ਲਈ ਫੰਟਾਸਟਿਕ ਹੌਲੀਡੇਜ਼ ਪ੍ਰ. ਲਿਮਟਿਡ ਦੇ ਮਾਲਕ ਸੰਦੀਪ ਵਰਮਾ ਅਤੇ ਹੋਟਲ ਮੈਨੇਜਮੈਂਟ ਅਰੀਨਾ ਸਟਾਰ ਦੇ ਮਾਲਕ ਮਿਸਟਰ ਮੱਗ ਨੇ ਮਹਾਨ ਉਪਰਾਲਾ ਕੀਤਾ ਹੈ।ਇਸ ਕਾਨਫਰੰਸ ਵਿੱੱਚ ਕੈਨੇਡਾ, ਅਮਰੀਕਾ, ਆਸਟਰੇਲੀਆ ਤੋਂ ਇਲਾਵਾ ਪੰਜਾਬ ਤੋਂ 40 ਦੇ ਕਰੀਬ ਡੈਲੀਗੇਟਾਂ ਦਾ ਸਮੂਹ ਇਸ ਕਾਨਫਰੰਸ ਵਿੱਚ ਸਮੂਲੀਅਤ ਕਰਨ ਲਈ 20 ਨਵੰਬਰ ਨੂੰ ਰਵਾਨਾ ਹੋਵੇਗਾ।ਇਸ ਕਾਨਫਰੰਸ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਭਾਈਚਾਰੇ ਨੂੰ ਵਰਤਮਾਨ ਦਰਪੇਸ਼ ਮੁਸ਼ਕਿਲਾਂ ਅਤੇ ਇਸਦੀ ਆਣ ਬਾਣ ਸ਼ਾਨ ਦੀ ਬਰਕਰਾਰੀ ਉੱਪਰ ਵਿਸਥਾਰ ਪੂਰਵਕ ਸਾਹਿਤਕਾਰਾਂ ਅਤੇ ਵਿਦਵਾਨਾਂ ਦੀਆਂ ਵਿਚਾਰ ਚਰਚਾਵਾਂ ਹੋਣਗੀਆਂ।
ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਸ੍ਰੀ ਮਿਰਾਦਲ ਕੁਮਾਰ ਮਲੇਸ਼ੀਆ ਚ ਭਾਰਤੀ ਹਾਈ ਕਮਿਸ਼ਨਰ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਪ੍ਰਦੀਪ ਬਤਰਾ ਚੇਅਰਮੈਨ ਆਜ਼ਾਦ ਪੰਜਾਬੀ ਮੰਚ ਮਲੇਸ਼ੀਆ ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਹਾਰਦਿਕ ਸਵਾਗਤ ਕਰਨਗੇ।ਵਿਸ਼ਵ ਪੰਜਾਬੀ ਭਾਈਚਾਰੇ ਦਾ ਅਤੀਤ,ਭਵਿੱਖ ਤੇ ਸਮਕਾਲ,ਕਾਮਯਾਬ ਕੌਮਾਂ ਤੋਂ ਸੇਧ ਲੈਣ ਦੀ ਲੋੜ,ਪੰਜਾਬੀਅਤ ਦੀ ਭਾਵਨਾ, ਧਾਰਮਿਕ ਸਦਭਾਵਨਾ ਸਮਾਜਿਕ ਅਤੇ ਸੱਭਿਆਚਾਰਕ ਮਸਲੇ,ਪੰਜਾਬੀ ਭਾਸ਼ਾ ਸਾਹਿਤ ਤੇ ਕਲਾ ਆਦਿ ਵਿਸ਼ਿਆਂ ਉੱਪਰ ਵਿਦਵਾਨ ਚਰਚਾ ਕਰਨਗੇ। ਡਾ.ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ,ਸ੍ਰੀ ਅਮਰਪਾਲ ਸਿੰਘ ਰੰਧਾਵਾ ਮੀਤ ਪ੍ਰਧਾਨ ਵਿਸ਼ਵ ਪੰਜਾਬੀ ਭਾਈਚਾਰਾ, ਅਸ਼ੋਕ ਕੁਮਾਰ ਗੁਪਤਾ ਸਕੱਤਰ ਵਿਸ਼ਵ ਪੰਜਾਬੀ ਭਾਈਚਾਰਾ, ਡਾ. ਦੀਪਕ ਮਨਮੋਹਨ ਸਿੰਘ, ਪ੍ਰਿੰਸੀਪਲ ਐਸ ਐਸ ਸੰਘਾ,ਡਾ.ਬਲਵੰਤ ਸਿੰਘ ਸੰਧੂ,ਡਾ.ਸਤਨਾਮ ਸਿੰਘ ਜੱਸਲ, ਬੀਬਾ ਬਲਵੰਤ,ਡਾ.ਇਕਬਾਲ ਸਿੰਘ ਸੰਧੂ, ਡਾ.ਪ੍ਰਿਥਵੀ ਰਾਜ ਥਾਪਰ,ਡਾ.ਸ਼ਿੰਦਰਪਾਲ ਸਿੰਘ, ਡਾ.ਸਵੈਰਾਜ ਸੰਧੂ, ਡਾ.ਦੇਵਿੰਦਰ ਸੈਫੀ, ਡਾ.ਨਿਰਮਲ ਸਿੰਘ ਬਾਸੀ,ਪ੍ਰੋਫੈਸਰ ਸਵੇਤਾ ਮਹਿੰਦਰਾ, ਡਾ.ਮਹਿੰਦਰ ਕੁਮਾਰ, ਦਰਸ਼ਨ ਬੁੱਟਰ, ਡਾ.ਬਲਜਿੰਦਰ ਕੌਰ, ਮਨਜੀਤ ਇੰਦਰਾ,ਗੁਰਦੀਪ ਰਾਜ ਠਾਕੁਰ ਆਦਿ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕਰਨਗੇ।