ਪੰਜਾਬ ਬੋਰਡ ਅਤੇ ਐਨ.ਸੀ.ਆਰ.ਟੀ ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜ਼ਖੀਰਾ ਬਰਾਮਦ
ਐੱਸ.ਏ.ਐੱਸ ਨਗਰ 19 ਨਵੰਬਰ 2018 - ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਐਨ.ਸੀ.ਆਰ.ਟੀ ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜਲੰਧਰ ਤੋਂ ਜ਼ਖੀਰਾ ਬਰਾਮਦ ਕੀਤਾ ਗਿਆ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ (ਆਈ.ਏ.ਐੱਸ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਬੋਰਡ ਦੇ ਅਧਿਕਾਰੀਆਂ ਵੱਲੋਂ ਜਿਲ੍ਹਾ ਪੁਲਿਸ ਜਲੰਧਰ ਦੀ ਮਦਦ ਨਾਲ ਮਿੱਤੀ 17-11-2018 ਨੂੰ ਬੋਰਡ ਅਤੇ ਦਿੱਲੀ ਸਥਿਤ ਐਨ.ਸੀ.ਈ.ਆਰ..ਟੀ. (ਨੈਸ਼ਨਲ ਕਾਉਂਸਿਲ ਫਾਰ ਐਜੂਕੇਸ਼ਨ ਰਿਸਚਰਜ ਐਂਡ ਟ੍ਰੇਨਿੰਗ) ਦੀਆਂ ਜਾਅਲੀ ਪਾਠ-ਪੁਸਤਕਾਂ ਦਾ ਜਖੀਰਾ ਜਲੰਧਰ ਦੇ ਸਥਾਨਕ ਬਾਈਂਡਰ ਦੀ ਵਰਕਸ਼ਾਪ ਵਿੱਚੋਂ ਬਰਾਮਦ ਕੀਤਾ ਗਿਆ ਹੈ|
ਉਨ੍ਹਾਂ ਨੇ ਦੱਸਿਆ ਕਿ ਇਹ ਜਾਅਲੀ ਪਾਠ-ਪੁਸਤਕਾਂ ਜਲੰਧਰ ਦੇ ਤਰੁਨ ਬੁੱਕ ਬਾਈਂਡਿੰਗ ਹਾਊਸ, ਜੋ ਕਿ ਬਲਦੇਵ ਨਗਰ ਵਿੱਚ ਸਥਿਤ ਹੈ, ਦੇ ਗੋਦਾਮ ਵਿੱਚੋਂ ਫੜੀਆਂ ਗਈਆਂ ਹਨ| ਤਰੁਨ ਬੁੱਕ ਬਾਈਂਡਿੰਗ ਹਾਊਸ ਬੋਰਡ ਦੇ ਪਿੰ੍ਰਟਰਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਜਿੰਨਾਂ੍ਹ ਦੁਆਰਾ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਛਪਾਈ ਅਤੇ ਸਪਲਾਈ ਦਾ ਕਾਰਜ ਕਰਵਾਇਆ ਜਾਂਦਾ ਹੈ|
ਉਨ੍ਹਾਂ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੀਆਂ ਜਾਅਲੀ ਪਾਠ-ਪੁਸਤਕਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਮਾਤ 9 ਵੀਂ ਅਤੇ 10 ਵੀਂ ਦੀ ਇੱਕ ਹੋਰ ਨਵਾਂ ਸਾਲ, ਜਮਾਤ 9ਵੀਂ ਦੀ ਸਮਾਜਿਕ ਸਿੱਖਿਆ (ਅੰਗਰ੍ਰੇਜੀ) ਭਾਗ 1 ਅਤੇ 2, ਜਮਾਤ 9 ਵੀਂ ਅਤੇ 10 ਵੀਂ ਦੀ ਸਾਹਿਤ ਮਾਲਾ, ਜਮਾਤ 9 ਵੀਂ ਅਤੇ 10 ਵੀਂ ਦੀ ਵੰਨਗੀ ਆਦਿ ਸ਼ਾਮਿਲ ਹਨ| ਇਹਨਾਂ ਪਾਠ-ਪੁਸਤਕਾਂ ਦੀ ਛਪਾਈ ਦਾ ਠੇਕਾ ਬੋਰਡ ਵੱਲੋਂ ਪਿਛਲੇ ਸਾਲਾਂ ਦੌਰਾਨ ਜਲੰਧਰ ਦੇ ਕਾਸਮਿਕ ਪ੍ਰਿੰਟਰ, ਮਨੂਜਾ ਪਿੰ੍ਰਟਰ, ਤਾਨੀਆ ਪਿੰ੍ਰਟਰ ਅਤੇ ਨੋਵਾ ਪਬਲੀਕੇਸ਼ਨ ਨੂੰ ਦਿੱਤਾ ਗਿਆ ਸੀ, ਜੋ ਕਿ ਹੁਣ ਖਤਮ ਹੋ ਗਿਆ ਹੈ|
ਬੋਰਡ ਵੱਲੋਂ ਹਰ ਸਾਲ ਪਾਠ-ਪੁਸਤਕਾਂ ਦੀ ਛਪਾਈ ਲਈ ਟੈਂਡਰ ਪ੍ਰਕ੍ਰਿਆ ਅਪਨਾਈ ਜਾਂਦੀ ਹੈ ਅਤੇ ਟੈਂਡਰ ਅਧੀਨ ਆਏ ਪਿੰ੍ਰਟਰਾਂ ਨੂੰ ਬੋਰਡ ਵੱਲੋਂ ਕਾਗਜ ਮੁਹੱਈਆ ਕਰਵਾ ਕੇ ਪੁਸਤਕਾਂ ਦੀ ਛਪਾਈ ਦਾ ਠੇਕਾ ਦਿੱਤਾ ਜਾਂਦਾ ਹੈ| ਜਾਅਲੀ ਪੁਸਤਕਾਂ ਦੀ ਛਪਾਈ ਕਰਨ ਨਾਲ ਬੋਰਡ ਨੂੰ ਵਿੱਤੀ ਨੁਕਸਾਨ ਪਹੁੰਚਦਾ ਹੈ ਅਤੇ ਜਾਅਲੀ ਪੁਸਤਕਾਂ ਦੀ ਵਿਕਰੀ ਨਾਲ ਬੋਰਡ ਨੂੰ ਘਾਟਾ ਪੈਂਦਾ ਹੈ ਕਿਉਂ ਜੋ ਇਹ ਪੁਸਤਕਾਂ ਬੋਰਡ ਵੱਲੋਂ ਦਿੱਤੀ ਜਾਂਦੀ 15 ਫੀਸਦੀ ਛੋਟ ਦੇ ਉਲਟ ਬਾਜਾਰ ਵਿੱਚ 30 ਤੋਂ 35 ਫੀਸਦੀ ਛੋਟ ਤੇ ਨਕਲੀ ਕਾਗਜ ਲਾ ਕੇ ਵੇਚੀਆਂ ਜਾਂਦੀਆਂ ਹਨ|
ਸਕੱਤਰ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਉੱਤੇ ਕਾਰਵਾਈ ਕਰਦਿਆਂ ਜਲੰਧਰ ਪੁਲਿਸ ਵੱਲੋਂ ਥਾਣਾ ਰਾਮਾਮੰਡੀ ਵਿੱਚ ਬੋਰਡ ਅਧਿਕਾਰੀਆਂ ਅਤੇ ਕਾਸਮਿਕ ਪਿੰ੍ਰਟਰ, ਜਿੰਨਾਂ੍ਹ ਦੇ ਨਾਮ ਤੇ ਜਾਅਲੀ ਪੁਸਤਕ ਤਿਆਰ ਕੀਤੀ ਜਾ ਰਹੀ ਸੀ, ਦੀ ਸ਼ਿਕਾਇਤ ਦੇ ਅਧਾਰ ਤੇ ਕਾਪੀਰਾਈਟ ਐਕਟ 1957 ਦੇ ਸੈਕਸ਼ਨ 63 , ਟਰੇਡ-ਮਾਅਰਕ ਐਕਟ 1999 ਦੇ ਸੈਕਸ਼ਨ 74 ਅਤੇ ਆਈ.ਪੀ.ਸੀ. ਦੀ ਧਾਰਾ 1860 ਦੇ ਸੈਕਸ਼ਨ 420 ਅਧੀਨ ਮਿਤੀ 17-11-2018 ਨੂੰ ਐਫ.ਆਈ.ਆਰ ਦਰਜ ਕੀਤੀ ਗਈ ਹੈ|