ਬਨੂੜ, 21 ਅਕਤੂਬਰ 2018 - ਪੰਜਾਬ ਸਰਕਾਰ ਦੇ ਯਤਨਾਂ ਸਦਕਾ ਵੱਡੀ ਗਿਣਤੀ ਚ ਕਿਸਾਨ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਹੋਏ ਹਨ ਤੇ ਪਰਾਲੀ ਨਾ ਫੂਕਣ ਸਬੰਧੀ ਚੱਲ ਰਹੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਾਲੀ ਫੂਕਣ ਨਾਲ ਹੋਣ ਵਾਲਾ ਪ੍ਰਦੂਸ਼ਣ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘਟਿਆ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਪੰਜਾਬ 'ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 300 ਦੇ ਕਰੀਬ ਸੀ ਤੇ ਇਸ ਵਾਰ 125 ਦੇ ਕਰੀਬ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਸ. ਕਾਹਨ ਸਿੰਘ ਪੰਨੂੰ ਵੱਲੋਂ ਪਿੰਡ ਬਠਲਾਣਾ ਵਿਖੇ ਯੁਵਕ ਸੇਵਾਵਾਂ ਵਿਭਾਗ ਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਕਰਨ ਲਈ ਕਰਵਾਈ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੇ ਬਠਲਾਣਾ, ਸਨੇਟਾ, ਦੁਰਾਲੀ, ਰਾਏਪੁਰ ਖੁਰਦ, ਰਾਏਪੁਰ ਕਲਾਂ, ਸੁਖਗੜ੍ਹ ਸਮੇਤ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨਾ ਫੂਕਣ ਸਬੰਧੀ ਨੌਜਵਾਨ ਕਿਸਾਨ ਵੱਡੇ ਪੱਧਰ 'ਤੇ ਅੱਗੇ ਆਏ ਹਨ ਤੇ ਜਿਹੜਾ ਕਿਸਾਨ ਇੱਕ ਵਾਰ ਪਰਾਲੀ ਨੂੰ ਜ਼ਮੀਨ ਵਿੱਚ ਰਲਾ ਦਿੰਦਾ ਹੈ, ਉਸ ਨੂੰ ਖ਼ੁਦ ਹੀ ਇਸ ਦੇ ਫਾਇਦੇ ਦਾ ਪਤਾ ਲੱਗ ਜਾਂਦਾ ਹੈ ਤੇ ਅੱਗੇ ਤੋਂ ਉਸ ਨੂੰ ਇਸ ਸਬੰਧੀ ਸਮਝਾਉਣ ਦੀ ਲੋੜ ਹੀ ਨਹੀਂ ਪੈਂਦੀ। ਜਾਗਰੂਕਤਾ ਸਬੰਧੀ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਕੀਤੇ ਉਪਰਾਲੇ ਲਈ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਸ. ਪੰਨੂੰ ਨੇ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਉਣ ਲਈ ਕੁਦਰਤ ਨੂੰ ਬਚਾਉਣਾ ਲਾਜ਼ਮੀ ਹੈ ਤੇ ਇਸ ਉਪਰਾਲੇ ਤਹਿਤ ਕਿਸਾਨਾਂ ਨੂੰ ਜਾਗਰੂਕ ਕਰ ਕੇ ਨੌਜਵਾਨਾਂ ਵੱਲੋਂ ਵਾਤਾਵਰਨ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਮਿਸ਼ਨ ਤੰਦਰੁਸਤ ਪੰਜਾਬ ਬਾਰੇ ਗੱਲਬਾਤ ਕਰਦਿਆਂ ਸ.ਪੰਨੂੰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਇਹ ਮਿਸ਼ਨ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਤੇ ਇਸ ਦੀ ਸਫ਼ਲਤਾ ਵਿੱਚ ਮੀਡੀਆ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਆਖਿਆ ਕਿ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਦਿਨ ਰਾਤ ਇਕ ਕਰ ਕੇ ਕੰਮ ਕਰੀਆਂ ਹਨ ਤੇ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਲੋਕਾਂ ਨੂੰ ਮਿਆਰੀ ਖੁਰਾਕ ਵਸਤਾਂ ਹੀ ਮਿਲਣ ਤੇ ਉਨ੍ਹਾਂ ਦੀ ਸਿਹਤ ਨੂੰ ਕਿਸੇ ਕਿਸਮ ਦੀ ਢਾਹ ਨਾ ਲੱਗੇ। ਉਨ੍ਹਾਂ ਦੱਸਿਆ ਕਿ ਖੁਰਾਕੀ ਵਸਤਾਂ ਦੇ ਸੈਂਪਲ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਤੇ ਸਟਾਫ਼ ਨੂੰ ਅਪਗ੍ਰੇਡ ਕੀਤਾ ਗਿਆ ਹੈ ਤਾਂ ਜੋ ਰਿਪੋਰਟ ਆਉਣ ਵਿੱਚ ਬਹੁਤਾ ਸਮਾਂ ਨਾ ਲੱਗੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸੈਂਪਲਾਂ ਦੀ ਰਿਪੋਰਟ ਚੌਥੇ ਦਿਨ ਆ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨਾ ਲਾਉਣ ਲਈ ਜਿਹੜੀ ਤਰੀਕ ਤੈਅ ਕੀਤੀ ਗਈ ਸੀ, ਉਸ ਸਦਕਾ ਹੀ ਪਿਛਲੇ ਮਹੀਨੇ ਪਏ ਭਾਰੀ ਮੀਂਹ ਤੋਂ ਝੋਨੇ ਦਾ ਬਚਾਅ ਹੋਇਆ ਹੈ। ਜੇ ਕਰ ਮਿੱਥੀ ਤਰੀਕ ਤੋਂ ਪਹਿਲਾਂ ਝੋਨਾ ਲਾਇਆ ਗਿਆ ਹੁੰਦਾ ਤਾਂ ਮੀਂਹ ਕਾਰਨ ਝੋਨੇ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਫੂਕਣ ਸਬੰਧੀ ਸਰਗਰਮੀ ਨਾਲ ਕੰਮ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀਮਤੀ ਰੁਪਿੰਦਰ ਕੌਰ, ਸਟੇਟ ਐਨ.ਐਸ.ਐਸ. ਅਫ਼ਸਰ ਚਰਨਜੀਤ ਸਿੰਘ, ਏ.ਡੀ.ਓ. ਸੁਰਿੰਦਰਪਾਲ ਸਿੰਘ, ਏ.ਈ.ਓ. ਸੁੱਚਾ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਨ ਸਿੰਘ ਬਠਲਾਣਾ, ਸਮੇਤ ਯੁਵਕ ਸੇਵਾਵਾਂ ਕਲੱਬਾਂ ਦੇ ਮੈਂਬਰ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ: ਮੋਟਰਸਾਈਕਲ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਸ. ਕਾਹਨ ਸਿੰਘ ਪੰਨੂੰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ।
ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਸ. ਕਾਹਨ ਸਿੰਘ ਪੰਨੂੰ ਪਰਾਲੀ ਨਾ ਫੂਕਣ ਸਬੰਧੀ ਨੌਜਵਾਨਾਂ ਵੱਲੋਂ ਕੱਢੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।