ਪਿੰਡ ਰਕਬਾ/ਲੁਧਿਆਣਾ, 16 ਅਕਤੂਬਰ 2018 - ਪੰਜਾਬ ਵਿਧਾਨ ਸਭਾ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਉਨ੍ਰ੍ਹਾਂ ਨੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਸ੍ਰ. ਐੱਚ. ਐੱਸ. ਫੂਲਕਾ ਦੇ ਅਸਤੀਫੇ 'ਤੇ ਹਾਲੇ ਵਿਚਾਰ ਨਹੀਂ ਕੀਤਾ ਹੈ। ਮਨਜ਼ੂਰੀ ਤੋਂ ਪਹਿਲਾਂ ਅਸਤੀਫੇ ਨੂੰ ਚੰਗੀ ਤਰ੍ਹਾਂ ਵਾਚਿਆ ਜਾਵੇਗਾ। ਉਹ ਅੱਜ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਉਸਾਰੀ ਯਾਦਗਾਰ ਵਿਖੇ ਜਨਮ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਸ੍ਰੀ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਵਿਧਾਇਕ ਫੂਲਕਾ ਦਾ ਅਸਤੀਫ਼ਾ ਉਨ੍ਹਾਂ ਕੋਲ ਪਹੁੰਚ ਗਿਆ ਹੈ, ਜਿਸ 'ਤੇ ਹਾਲੇ ਵਿਚਾਰ ਨਹੀਂ ਕੀਤਾ ਗਿਆ ਹੈ। ਇਸ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਉਹ ਅਸਤੀਫ਼ੇ ਨੂੰ ਤਕਨੀਕੀ ਤੌਰ 'ਤੇ ਵਾਚਣਗੇ ਕਿ ਇਹ ਮਨਜੂਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਸਪੀਕਰ ਦਾ ਅਧਿਕਾਰ ਹੈ ਕਿ ਉਹ ਕਿਸੇ ਦਾ ਅਸਤੀਫਾ ਸਵੀਕਾਰ ਜਾਂ ਅਸਵੀਕਾਰ ਕਰਨ ਤੋਂ ਪਹਿਲਾਂ ਉਸ ਬਾਰੇ ਸਾਰੇ ਪੱਖਾਂ ਨੂੰ ਘੋਖ ਲਵੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ 'ਤੇ ਕਥਿਤ ਹਮਲੇ ਦੀ ਸਾਜਿਸ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਉਹ ਨਿੱਜੀ ਤੌਰ 'ਤੇ ਕਿਸੇ ਵੀ ਹਿੰਸਕ ਕਾਰਵਾਈ ਦਾ ਵਿਰੋਧ ਕਰਦੇ ਹਨ।
ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਰਨੈਲ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਬਿਨ੍ਹਾ ਸ਼ੱਕ ਉਨ੍ਹਾਂ ਦੀ ਸੂਰਬੀਰਤਾ ਅਤੇ ਲਾਸਾਨੀ ਕੁਰਬਾਨੀ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਲੋਕ ਉਨ੍ਹਾਂ ਦੀ ਸੁਰਬੀਰਤਾ ਅਤੇ ਸੇਵਾਵਾਂ ਬਾਰੇ ਹਾਲੇ ਤੱਕ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਇਤਿਹਾਸਕਾਰਾਂ ਅਤੇ ਖੋਜੀਆਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸੇਵਾਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਹੋਰ ਉਪਰਾਲੇ ਕਰਨ।
ਇਸ ਤੋਂ ਬਾਅਦ ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸੇਵਾਵਾਂ ਨੂੰ ਲੋਕਾਂ ਤੱਕ ਲਿਜਾਣ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਫਾਉਂੇਡੇਸ਼ਨ ਨੂੰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਕੇ. ਕੇ. ਬਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਯੋਗ ਸਥਾਨ ਦਿਵਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ, ਸ੍ਰ. ਜਗਪਾਲ ਸਿੰਘ ਖੰਗੂੜਾ, ਸ੍ਰੀ ਪਵਨ ਦੀਵਾਨ, ਐਡਵੋਕੇਟ ਸ੍ਰ. ਹਰਪ੍ਰੀਤ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰੋਕਾਰ ਅਤੇ ਸੰਗਤ ਹਾਜ਼ਰ ਸੀ।