ਪਟਿਆਲਾ,8 ਅਕਤੂਬਰ 2018 - ਪਟਿਆਲਾ ਦੇ ਫਹਿਤਪੁਰ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਏ ਜਾਣ ਤੋਂ ਬਾਅਦ ਜਦੋਂ ਪਟਵਾਰੀ ਗਰਦਾਵਰੀ ਕਰਨ ਗਿਆ ਤਾਂ ਉਸਨੂੰ ਪਿੰਡ ਦੇ ਕਿਸਾਨਾਂ ਨੇ ਬੰਧਕ ਬਣਾ ਲਿਆ।
ਕਿਸਾਨਾਂ ਨੇ ਕਿਹਾ ਕਿ ਪਟਵਾਰੀ ਤੇ ਸੈਕਟਰੀ ਚੋਰੀ ਉਨ੍ਹਾਂ ਦੇ ਪਿੰਡ ਵਿਚ ਦਾਖਲ ਹੋਏ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਕਿਸਾਨਾਂ ਨੇ ਆਲੂ ਦੀ ਫਸਲ ਬੀਜਣੀ ਹੈ। ਉਨ੍ਹਾਂ ਅਨੁਸਾਰ ਪਟਵਾਰੀ ਅਤੇ ਸੈਕਟਰੀ ਪਿੰਡ ਵਿਚ ਪਰਾਲੀ ਨੂੰ ਲਾਈ ਅੱਗ ਵਾਲੀ ਜ਼ਮੀਨ ਦੀ ਗਿਰਦਾਵਰੀ ਕਰਨ ਆਏ ਸਨ। ਜਿਸ ਬਾਰੇ ਪਿੰਡ ਦੇ ਨੰਬਰਦਾਰ ਜਾਂ ਕਿਸੇ ਹੋਰ ਨੂੰ ਸੂਚਿਤ ਨਹੀਂ ਕੀਤਾ ਗਿਆ।
ਇਸੇ ਗੱਲ ਕਾਰਨ ਕਿਸਾਨਾਂ ਨੇ ਪਟਵਾਰੀ ਨੂੰ ਆਪਣਾ ਬੰਧਕ ਬਣਾ ਲਿਆ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਨੂੰ ਇਹ ਭਰੋਸਾ ਨਹੀਂ ਮਿਲ ਜਾਂਦਾ ਕਿ ਕੋਈ ਹੋਰ ਪਟਵਾਰੀ ਜਾਂ ਅਧਿਕਾਰੀ ਇਥੇ ਮੁੜ ਨਹੀਂ ਆਏਗਾ ਉਦੋਂ ਤੱਕ ਉਹ ਪਟਵਾਰੀ ਨੂੰ ਨਹੀਂ ਛੱਡਣਗੇ। ਫਿਲਹਾਲ ਕਿਸਾਨਾਂ ਦੀ ਇਸ ਕਾਰਵਾਈ ਤੋਂ ਬਾਅਦ ਪ੍ਰਸ਼ਸਨਿਕ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚਣ ਦੀ ਖਬਰ ਹੈ।