ਮੋਗਾ, 19 ਅਗਸਤ - ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਨਗਰ ਨਿਗਮ ਮੋਗਾ ਵਿੱਚ 1 ਜਾਂ 2 ਦਿਨ ਖੁਦ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਫੈਸਲੇ ਦਾ ਚਾਰੇ ਪਾਸਿਓ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਹੁਣ ਆਸ ਬੱਝੀ ਹੈ ਕਿ ਸ਼ਹਿਰ ਦਾ ਜੋ ਵਿਕਾਸ ਪਿਛਲੇ ਲੰਬੇ ਸਮੇਂ ਤੋਂ ਰੁਕਿਆ ਹੈ, ਹੁਣ ਐਮ.ਐਲ.ਏ.ਵਲੋਂ ਚੁੱਕੇ ਗਏ ਇਸ ਕਦਮ ਨਾਲ ਜਲਦ ਹੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਜਿੱਥੇ ਆਮ ਸ਼ਹਿਰੀਆਂ ਅਤੇ ਕਈ ਕੌਸਲਰਾਂ ਨੇ ਐਸ.ਐਲ.ਏ. ਦੇ ਇਸ ਕਦਮ ਦੀ ਸ਼ਲਾਘਾ ਕੀਤੀ ਉਥੇ ਹੀ ਕਈਆਂ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਇਨ੍ਹਾਂ ਦੇ ਮੂੰਹ ਵੱਲ ਦੇਖਣ ਦੀ ਬਜਾਏ ਇਹ ਕਦਮ ਐਮ.ਐਲ.ਏ. ਨੂੰ ਇੱਕ ਸਾਲ ਪਹਿਲਾਂ ਹੀ ਚੁੱਕ ਲੈਣਾ ਚਾਹੀਦਾ ਸੀ।
ਇਸ ਸਬੰਧ ਵਿੱਚ ਜਦੋਂ ਡਾ. ਹਰਜੋਤ ਕਮਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਕਾਸ ਪਸੰਦ ਲੋਕ ਅਤੇ ਕਈ ਕੌਂਸਲਰ ਇਸ ਗੱਲ ਦੀ ਸ਼ਲਾਘਾ ਕਰ ਰਹੇ ਹਨ ਪਰ ਵਿਰੋਧ ਸਿਰਫ ਉਹੀ ਲੋਕ ਕਰ ਰਹੇ ਹਨ ਜਿਨ੍ਹਾਂ ਨੂੰ ਨਗਰ ਨਿਗਮ ਵਿੱਚ ਐਮ.ਐਲ.ਏ. ਦੇ ਬੈਠਣ ਕਾਰਨ ਆਪਣਾ ਤੋਰੀ ਫੁਲਕਾ ਬੰਦ ਹੁੰਦਾ ਦਿਸਦਾ ਹੈ ਜਾਂ ਉਹ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਜੋ ਸ਼ਹਿਰ ਦੇ ਵਿਕਾਸ ਦੇ ਵਿਰੋਧ ਵਿੱਚ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਐਮ.ਐਲ.ਏ. ਵਿਕਾਸ ਕਰਵਾ ਕੇ ਉਸਦਾ ਲਾਹਾ ਲੈ ਲਵੇ। ਡਾ. ਹਰਜੋਤ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਆਪਣਾ ਦਫ਼ਤਰ ਜੀ.ਟੀ. ਰੋਡ ਤੇ ਚਲਾ ਰਹੇ ਹਨ, ਜਿਸ ਵਿੱਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਗਮ ਵਿੱਚ ਬੈਠਣਾ ਕਿਸੇ ਦਫ਼ਤਰ ਦੀ ਭੁੱਖ ਨਹੀਂ ਹੈ ਬਲਕਿ ਸ਼ਹਿਰ ਦਾ ਰੁਕਿਆ ਵਿਕਾਸ ਕਰਵਾਉਣਾ ਅਤੇ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ, ਕਿਉਂਕਿ ਸ਼ਹਿਰਵਾਸੀਆਂ ਨੇ ਬਹੁਤ ਹੀ ਵੱਡੀਆ ਉਮੀਦਾ ਨਾਲ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ, ਜਿਸਦੇ ਖਰਾ ਉੱਤਰਨਾ ਮੇਰੀ ਪਹਿਲ ਹੋਵੇਗੀ। ਡਾ. ਹਰਜੋਤ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਗੁਟਬੰਦੀ ਕਾਰਨ ਰੁਕਿਆ ਹੋਇਆ ਹੈ, ਜੇਕਰ ਪਿੰਡਾਂ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਪਿੰਡਾਂ ਵਿੱਚ ਪਿਛਲੇ 10 ਸਾਲਾਂ ਤੋਂ ਬੰਦ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡਰੋਲੀ ਤੋਂ ਕੋਟ ਕਰੋੜ ਕਲਾਂ ਤੱਕ ਸੜਕ ਬਣਾਈ ਜਾ ਚੁੱਕੀ ਹੈ, ਡਗਰੂ ਫਾਟਕਾ ਤੱਕ, ਦੌਲਤਪੁਰਾ, ਮਹੇਸ਼ਰੀ, ਸਲ੍ਹੀਣਾ ਆਦਿ ਪਿੰਡਾਂ ਦੀਆਂ ਸੜਕਾਂ, ਸਿੰਘਾਵਾਲਾ-ਬੁੱਕਣਵਾਲਾ ਪੁਲ ਜੋਕਿ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਸੀ, ਉਸਨੂੰ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਜਾ ਕੇ ਸ਼ਹਿਰ ਵਿੱਚ ਮੁਆਇਨਾ ਕੀਤਾ ਜਿਸ ਵਿੱਚ ਉਨ੍ਹਾਂ ਦੇਖਿਆ ਕਿ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਹਾਲਤ ਬਹੁਤ ਬਦਹਾਲ ਹੋਈ ਪਈ ਸੀ। ਇਸ ਲਈ ਉਨ੍ਹਾਂ ਨੇ ਹੁਣ ਸ਼ਹਿਰ ਵਿੱਚ ਐਲ.ਈ.ਡੀ. ਲਾਈਟਾਂ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣਗੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਵਿਰੋਧੀ ਲੋਕਾਂ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਕੋਈ ਚਿੰਤਾ ਨਹੀਂ ਹੈ, ਉਨ੍ਹਾਂ ਦਾ ਮੁੱਖ ਏਜੰਡਾ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੈ, ਜਿਸਦੇ ਲਈ ਉਹ ਹਰ ਸੰਭਵ ਲੜਾਈ ਲੜਨ ਲਈ ਤਿਆਰ ਹਨ ਅਤੇ ਸ਼ਹਿਰਵਾਸੀਆਂ ਦੇ ਹੱਕਾ ਲਈ ਜਿਸ ਵੀ ਹੱਦ ਤੱਕ ਕੋਸ਼ਿਸ਼ ਕਰਨੀ ਪਵੇ ਉਹ ਪਿੱਛੇ ਨਹੀਂ ਹਟਣਗੇ।