ਐਸ.ਪੀ. (ਜਾਂਚ) ਸ. ਹਰਪਾਲ ਸਿੰਘ
ਫ਼ਤਹਿਗੜ੍ਹ ਸਾਹਿਬ, 19 ਅਗਸਤ:(ਦੀਦਾਰ ਗੁਰਨਾ ) ਜ਼ਿਲ੍ਹਾ ਪੁਲਿਸ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਇੱਕ ਕਥਿਤ ਦੋਸ਼ੀ ਨੂੰ 11 ਨਸ਼ੀਲੇ ਟੀਕਿਆਂ ਅਤੇ 7 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੀ ਐਸ.ਆਈ. ਸੰਦੀਪ ਕੌਰ ਸਮੇਤ ਪੁਲਿਸ ਪਾਰਟੀ ਨਾਲ ਕਾਲੇਮਾਜਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਨ੍ਰਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਘੇਲ ਸਾਈਡ ਤੋਂ ਪੈਦਲ ਆ ਰਿਹਾ ਸੀ, ਜਿਸ ਦਾ ਸੱਜਾ ਹੱਥ ਕੱਟਿਆ ਹੋਇਆ ਸੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਥਿਤ ਦੋਸ਼ੀ ਮਨਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਦਲਜੀਤ ਸਿੰਘ ਵਾਸੀ ਕਮਾਲੀ ਥਾਣਾ ਬਡਾਲੀ ਆਲਾ ਸਿੰਘ ਕੋਲੋਂ 11 ਨਸ਼ੀਲੇ ਟੀਕੇ ਬਿਪਰੋਨੋਰਫਿਨ ਤੇ 7 ਨਸ਼ੀਲੀਆਂ ਸ਼ੀਸ਼ੀਆਂ ਏਵਲ ਬਰਾਮਦ ਹੋਈਆਂ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਬਡਾਲੀ ਆਲਾ ਸਿੰਘ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਅਧੀਨ ਮੁਕੱਦਮਾ ਨੰ: 60 ਮਿਤੀ 18818 ਨੂੰ ਦਰਜ਼ ਕੀਤਾ ਗਿਆ ਹੈ।
ਐਸ.ਪੀ. (ਜਾਂਚ) ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਅਮਲੋਹ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਪਿੰਡ ਮਾਜਰੀ ਅਰਾਈਆਂ ਵਿਖੇ ਸਮੇਤ ਪੁਲਿਸ ਪਾਰਟੀ ਮੌਜੂਦ ਸਨ ਤਾਂ ਇੱਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਾਜਰੀ ਅਰਾਈਆਂ ਆਪਣੇ ਘਰ ਵਿੱਚ ਚੰਡੀਗੜ੍ਹ ਦੇਸੀ ਸ਼ਰਾਬ ਤੋਂ ਸਸਤੇ ਭਾਅ ਤੇ ਲਿਆ ਕੇ ਮਹਿੰਗੇ ਭਾਅ ਤੇ ਵੇਚਦਾ ਹੈ।ਮੁਖਬਰ ਨੇ ਦੱਸਿਆ ਕਿ ਜੇਕਰ ਕਥਿਤ ਦੋਸ਼ੀ ਦੇ ਘਰ ਹੁਣ ਹੀ ਰੇਡ ਕੀਤੀ ਜਾਵੇ ਤਾਂ ਕਾਫੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਪੁਲਿਸ ਟੀਮ ਨੇ ਮੁਖ਼ਬਰ ਦੀ ਇਤਲਾਹ ਤੇ ਮੁਕੱਦਮਾ ਦਰਜ਼ ਕਰਕੇ ਕਥਿਤ ਦੋਸ਼ੀ ਦੇ ਘਰ ਰੇਡ ਕੀਤੀ ਗਈ ਤਾਂ ਉਸ ਦੇ ਘਰ ਵਿੱਚੋਂ ਦੇਸੀ ਸ਼ਰਾਬ ਟੈਗੋ ਸੰਤਰਾ ਦੀਆਂ 48 ਬੋਤਲਾਂ ਬਰਾਮਦ ਹੋਈਆਂ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਥਾਣਾ ਅਮਲੋਹ ਵਿਖੇ ਮੁਕੱਦਮਾ ਨੰ: 95 ਮਿਤੀ 1882018 ਨੂੰ ਆਬਕਾਰੀ ਐਕਟ ਦੀ ਧਾਰਾ 61.1.14 ਅਧੀਨ ਦਰਜ਼ ਕੀਤਾ ਗਿਆ ਹੈ।