ਲੁਧਿਆਣਾ, 17 ਅਗਸਤ 2018 - ਪੰਜਾਬ ਦੇ ਕੇਂਦਰੀ ਸ਼ਹਿਰ ਲੁਧਿਆਣਾ ਦੇ ਵਿਚੋਂ ਵਗਦਾ ਗੰਦਾ ਨਾਲਾ ਕਰਕੇ ਜਾਣਿਆਂ ਜਾਂਦਾ ਬੁੱਢਾ ਦਰਿਆ ਵਰਤਮਾਨ ਪੰਜਾਬ ਦੇ ਪਾਣੀਆਂ, ਵਾਤਾਵਰਣ, ਕੁਦਰਤ, ਸਿਹਤ, ਸਨਅਤ, ਵਪਾਰ, ਤਰਨੀਕੀ ਪੱਧਰ, ਅਰਥਚਾਰੇ, ਸ਼ਹਿਰੀ ਤੇ ਦਿਹਾਤੀ ਵਿਕਾਸ ਦੇ ਨਾਲ ਨਾਲ ਰਾਜਨੀਤੀ, ਪ੍ਰਸ਼ਾਸਨ, ਧਾਰਮਿਕਤਾ ਅਤੇ ਭਾਈਚਾਰਕਤਾ ਦੇ ਮਿਆਰ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨੂੰ ਮਰ ਰਹੇ ਪੰਜਾਬ ਦਾ ਦਸ਼ਾ ਸੂਚਕ ਕਿਹਾ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।
12 ਅਗਸਤ 2018 ਨੂੰ ਚੰਡੀਗੜ੍ਹ ਤੋਂ ਲੈ ਕੇ ਸ਼੍ਰੀ ਗੰਗਾ ਨਗਰ ਤੱਕ ਰਹਿੰਦੇ ਅਤੇ ਵਿਦੇਸ਼ਾਂ ਵਿਚ ਵਸਦੇ ਬਾਰਾਂ ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਬੁੱਢੇ ਦਰਿਆ ਦੀ ਪ੍ਰਦੂਸ਼ਨ ਮੁਕਤੀ ਹਿੱਤ ਆਜ਼ਾਦੀ ਦੌੜ ਵਿਚ ਭਾਗ ਲਿਆ। ਇਸ ਦੌੜ ਨੇ ਇਹ ਸੁਨੇਹਾ ਦਿੱਤਾ ਕਿ ਜੇ ਸਾਰੀਆਂ ਧਿਰਾਂ ਅਤੇ ਵਰਗ ਸੁਹਿਰਦ ਭਾਵ ਨਾਲ ਇਕ ਦਿਸ਼ਾ ਵਿਚ ਸੰਯੁਕਤ ਕਾਰਜ ਕਰਕੇ ਗੰਦਗੀ, ਬਦਬੂ ਅਤੇ ਜ਼ਹਿਰਾਂ ਤੋਂ ਰਹਿਤ ਬੁੱਢੇ ਦਰਿਆ ਦੇ ਸੁਪਨੇ ਦੀ ਪੂਰਤੀ ਲਈ ਸਫ਼ਲ ਹੋ ਸਕਣ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਅਸੀਂ ਸਾਰੇ ਰਲ਼ ਕੇ ਪੰਜਾਬ ਦੀ ਦਸ਼ਾ ਵੀ ਸੁਧਾਰ ਸਕਦੇ ਹਾਂ।
ਬੁੱਢੇ ਨਾਲੇ ਨੂੰ ਗੰਦਗੀ ਮੁਕਤ ਕਰਨ ਲਈ ਉੱਘੇ ਪੰਜਾਬੀ ਕਵੀ ਜਸਵੰਤ ਜ਼ਫਰ ਦੇ ਉਪਰਾਲਿਆਂ ਸਦਕਾ ਪੰਜਾਬ ਦੇ ਦਸ਼ਾ ਸੂਚਕ 'ਬੁੱਢਾ ਦਰਿਆ ਲਈ ਕੀ ਕਰਨਾ ਲੋੜੀਏ' ਵਿਸ਼ੇ 'ਤੇ 11 ਸਤੰਬਰ 2018 ਨੂੰ ਸ਼ਾਮ 3 ਤੋਂ 7 ਵਜੇ ਤੱਕ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਸੈਮੀਨਾਰ ਰੱਖਿਆ ਗਿਆ ਹੈ। ਇਸ ਵਿਚ ਵੱਖ ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੁਨੀਵਰਸਿਟੀਆਂ, ਏਜੰਸੀਆਂ, ਐਸੋਸੀਏਸ਼ਨਾਂ ਨੂੰ ਇਸ ਖੇਤਰ ਵਿਚ ਆਪਣੇ ਵੱਲੋਂ ਹੁਣ ਤੱਕ ਕੀਤੇ ਫੈਸਲਿਆਂ, ਖੋਜ ਕਾਰਜਾਂ, ਰਿਪੋਰਟਾਂ, ਤਜਵੀਜ਼ਾਂ, ਤਕਨੀਕੀ ਕਾਰਜਾਂ, ਪ੍ਰੋਜੈਕਟਾਂ ਆਦਿ ਦੇ ਰੂਪ ਵਿਚ ਕੀਤੇ ਕੰਮਾਂ ਦੇ ਨਾਲ ਨਾਲ ਇਸ ਬਾਰੇ ਆਪਣੇ ਭਵਿੱਖਮੁਖੀ ਦ੍ਰਿਸ਼ਟੀ ਪੱਤਰ ਪੇਸ਼ ਕਰਨ ਲਈ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ।
ਇਸ ਸੈਮੀਨਾਰ ਵਿਚ ਉਪਦੇਸ਼, ਪ੍ਰਸੰਸਾ, ਨਿੰਦਿਆ, ਰਾਜਨੀਤਕ ਮਾਅਰਕੇਬਾਜ਼ੀ ਆਦਿ ਵਰਗਾ ਕੋਈ ਭਾਸ਼ਨ ਮੁਕਾਬਲਾ ਨਹੀਂ ਹੋਵੇਗਾ। ਭਾਗ ਲੈਣ ਵਾਲੇ ਲਿਖਤੀ ਪੇਪਰਾਂ ਰਾਹੀਂ ਸਿਰਫ ਕੰਮ ਦੀਆਂ ਗੱਲਾਂ ਕਰਨਗੇ। ਸਾਰੇ ਪਰਚੇ ਫਾਉਂਡੇਸ਼ਨ ਦੀ ਵੈਬਸਾਈਟ 'ਤੇ ਨਸ਼ਰ ਹੋਣਗੇ। ਜਸਵੰਤ ਜ਼ਫਰ ਵੱਲੋਂ ਸਭ NGOs, ਸਭਾਵਾਂ ਅਤੇ ਪੰਜਾਬ ਅਤੇ ਸ਼ਹਿਰ ਲਈ ਫਿਕਰਮੰਦ ਸਾਰੇ ਸਿਆਣੇ ਲੋਕਾਂ ਨੂੰ ਇਸ ਸੈਮੀਨਾਰ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਹੈ।