ਫ਼ਤਹਿਗੜ੍ਹ ਸਾਹਿਬ, 15 ਅਗਸਤ 2018 :- ਦੇਸ਼ ਨੂੰ ਆਜਾਦੀ ਭਾਵੇਂ 15 ਅਗਸਤ 1947 ਨੂੰ ਮਿਲੀ ਸੀ ਪ੍ਰੰਤੂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਜ਼ਾਦੀ ਦੀ ਨੀਂਹ ਇਸ ਤੋਂ ਬਹੁਤ ਪਹਿਲਾਂ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਦੇ ਨਾਲ ਹੀ ਰੱਖੀ ਗਈ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ 72ਵੇਂ ਆਜ਼ਾਦੀ ਦਿਵਸ ਮੌਕੇ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬੀਆਂ ਦੇ ਨਾਂ ਦਿੱਤੇ ਆਪਣੇ ਸੰਦੇਸ਼ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਾ ਇਤਿਹਾਸ ਬਹੁਤ ਵਿਲੱਖਣ ਹੈ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ ਜਿਸ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਦੇਸ਼ ਦੇ ਵਿਕਾਸ ਵਿੱਚ ਵੀ ਪੰਜਾਬ ਦੇ ਹਰ ਵਰਗ ਦਾ ਬੇਮਿਸਾਲ ਯੋਗਦਾਨ ਰਿਹਾ ਹੈ।
ਸਪੀਕਰ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦੀ ਦਿਵਾਉਣ, ਬੇਰੋਜ਼ਗਾਰੀ ਖਤਮ ਕਰਨ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਵਿਕਾਸ ਪੱਖੋਂ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਿਆ ਗਿਆ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ ਅਤੇ ਲਾਲਾ ਲਾਜਪਤ ਰਾਏ ਵਰਗੇ ਮਹਾਨ ਦੇਸ਼ ਭਗਤਾਂ ਵੱਲੋਂ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਦਿੱਤੀਆਂ ਵੱਡੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਨਵ ਨਿਰਮਾਣ ਲਈ ਉਸਾਰੂ ਯੋਗਦਾਨ ਪਾਉਣ ਲਈ ਅੱਗੇ ਆਉਣ।
ਰਾਣਾ ਕੇ.ਪੀ. ਸਿੰਘ ਨੇ ਆਖਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੇ ਵੀ ਵਿਕਾਸ ਪੱਖੋਂ ਵੱਡੀਆਂ ਮੱਲਾਂ ਮਾਰੀਆਂ ਹਨ। ਜਿਨ੍ਹਾਂ ਵਿੱਚੋਂ 7 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਲਈ ਹਾਲ ਹੀ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਕਰੋੜ 96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 92 ਪਿੰਡਾਂ, ਜਿਨ੍ਹਾਂ ਦੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਖਰਾਬ ਹੋ ਚੁੱਕੀ ਹੈ, ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਭਾਖੜਾ ਨਹਿਰ ਦਾ ਪਾਣੀ ਫਿਲਟਰ ਕਰਕੇ ਪੀਣ ਲਈ ਸਪਲਾਈ ਕਰਨ ਦੀ ਯੋਜਨਾ ਜਿਸ 'ਤੇ ਕਿ 111 ਕਰੋੜ 53 ਲੱਖ ਰੁਪਏ ਖਰਚ ਕੀਤੇ ਜਾਣਗੇ, ਨੂੰ ਮਨਜੂਰੀ ਦਿੱਤੀ ਗਈ ਹੈ। ਇਸ ਸਕੀਮ ਦੇ ਲਾਗੂ ਹੋਣ ਨਾਲ 14 ਹਜਾਰ 425 ਘਰਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲ ਸਕੇਗਾ। ਉਨ੍ਹਾਂ ਹੋਰ ਦੱਸਿਆ ਕਿ ਜੀ.ਟੀ. ਰੋਡ ਸਰਹਿੰਦ ਤੋਂ ਭਮਾਰਸੀ ਤੱਕ 10 ਕਿਲੋਮੀਟਰ ਲੰਮੀ ਸੜਕ ਦੇ ਨਿਰਮਾਣ ਅਤੇ ਬੀ.ਐਮ.ਐਲ. ਕਨਾਲ ਤੇ ਨਰਵਾਣਾ ਬ੍ਰਾਂਚ ਕਨਾਲ ਉਪਰ 2 ਸਟੀਲ ਦੇ ਪੁੱਲਾਂ ਦਾ ਨਿਰਮਾਣ ਕਾਰਜ ਵੀ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਸ 'ਤੇ ਕਿ 39 ਕਰੋੜ 16 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਜ਼ਿਲ੍ਹੇ ਦੇ 36952 ਲਾਭਪਾਤਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਹੁਣ ਤੱਕ 32197 ਲਾਭਪਾਤਰਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਚੁੱਕਾ ਹੈ।
ਸਪੀਕਰ ਨੇ ਇਸ ਤੋਂ ਪਹਿਲਾਂ ਮਾਰਚ ਪਾਸਟ ਦਾ ਨਰੀਖਣ ਕੀਤਾ ਅਤੇ ਪਰੇਡ ਤੋਂ ਸਲਾਮੀ ਲਈ। ਇਸ ਉਪਰੰਤ ਉਨ੍ਹਾਂ ਆਜਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ 9 ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਉਨ੍ਹਾਂ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੇ ਗਏ ਨਸ਼ਿਆਂ ਤੋਂ ਆਜ਼ਾਦੀ ਬਡੀਜ਼ ਪ੍ਰੋਗਰਾਮ ਦੀ ਸ਼ੁਰੂਆਤ 1640 ਬਡੀਜ਼ ਨੌਜਵਾਨ ਵਿਦਿਆਰਥੀਆਂ ਦੇ ਬੈਜ ਲਗਾ ਕੇ ਅਤੇ ਬਡੀਜ਼ ਨੂੰ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦੀ ਦਿਵਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਆਪਣੇ ਵਿਦਿਅਕ ਅਦਾਰੇ, ਮੁਹੱਲੇ ਅਤੇ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਅਤੇ ਬਡੀਜ਼ ਪ੍ਰੋਗਰਾਮ ਦੀ ਸਫਲਤਾ ਲਈ ਹਰ ਹੀਲੇ ਸਹਿਯੋਗ ਦੇਣ ਦਾ ਪ੍ਰਣ ਦਿਵਾਇਆ।
ਸਪੀਕਰ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਵੱਖ-ਵੱਖ ਭਲਾਈ ਸਕੀਮਾਂ ਦੇ 520 ਲਾਭਪਾਤਰਾਂ ਨੂੰ ਮਨਜੂਰੀ ਪੱਤਰ ਤੇ ਸਰਟੀਫਿਕੇਟ ਵੰਡੇ। ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ 16 ਗਰੀਬ ਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾ, 8 ਟਰਾਈ ਸਾਈਕਲ ਤੇ 5 ਵੀਲ੍ਹ ਚੇਅਰ ਵੀ ਵੰਡੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ 27 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਮੌਕੇ 16 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਡੀ.ਐਸ.ਪੀ. ਸੰਦੀਪ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ, ਹੋਮ ਗਾਰਡ ਤੇ ਐਨ.ਸੀ.ਸੀ. ਦੇ ਜਵਾਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ।
ਇਸ ਮੌਕੇ ਵਿਧਾਇਕ ਫ਼ਤਹਿਗੜ੍ਹ ਸਾਹਿਬ ਸ. ਕੁਲਜੀਤ ਸਿੰਘ ਨਾਗਰਾ, ਵਿਧਾਇਕ ਅਮਲੋਹ ਕਾਕਾ ਰਣਦੀਪ ਸਿੰਘ ਨਾਭਾ, ਵਿਧਾਇਕ ਬਸੀ ਪਠਾਣਾ ਸ. ਗੁਰਪ੍ਰੀਤ ਸਿੰਘ ਜੀ.ਪੀ., ਜ਼ਿਲ੍ਹਾ ਕਾਂਗਰਸ ਪ੍ਰਧਾਨ ਸ. ਹਰਿੰਦਰ ਸਿੰਘ ਭਾਂਬਰੀ, ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਸ਼੍ਰੀ ਜਸਪਾਲ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਆਰ.ਐਸ. ਰਾਏ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਗਵਿੰਦਰਜੀਤ ਸਿੰਘ ਸੰਧੂ, ਐਸ.ਪੀ. (ਡੀ) ਸ. ਹਰਪਾਲ ਸਿੰਘ, ਐਸ.ਪੀ. (ਐਚ) ਸ. ਰਵਿੰਦਰਪਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਚਰਨਜੀਤ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਸੰਜੀਵ ਕੁਮਾਰ, ਕਾਂਗਰਸੀ ਆਗੂ ਬਲਵਿੰਦਰ ਸਿੰਘ ਮਾਵੀ, ਗੁਰਸਤਿੰਦਰ ਸਿੰਘ ਜੱਲ੍ਹਾ, ਪਰਮਿੰਦਰ ਸਿੰਘ ਨੌਨੀ, ਪੰਡਤ ਕਮਲੇਸ਼ ਸ਼ਰਮਾ, ਸੁਖਰਾਜ ਸਿੰਘ ਰਾਜਾ, ਸੁਭਾਸ਼ ਸੂਦ, ਗੁਲਸ਼ਨ ਰਾਏ ਬੌਬੀ, ਸਾਧੂ ਰਾਮ ਭੱਟਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਆਂਇਕ ਅਧਿਕਾਰੀ, ਸਿਵਲ ਤੇ ਪੁਲਿਸ ਅਧਿਕਾਰੀ, ਕੌਂਸਲਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।
ਆਜ਼ਾਦੀ ਦਿਵਸ ਮੌਕੇ ਸਬ ਡਵੀਜ਼ਨ ਅਮਲੋਹ ਵਿੱਚ ਐਸ.ਡੀ.ਐਮ. ਆਨੰਦ ਸਾਗਰ ਸ਼ਰਮਾ, ਸਬ ਡਵੀਜ਼ਨ ਬਸੀ ਪਠਾਣਾ ਵਿਖੇ ਐਸ.ਡੀ.ਐਮ. ਜਗਦੀਸ਼ ਸਿੰਘ ਜੋਹਲ ਅਤੇ ਖਮਾਣੋਂ ਵਿਖੇ ਐਸ.ਡੀ.ਐਮ. ਸ਼੍ਰੀ ਪਰਮਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ।