ਦੇਵਾ ਨੰਦ ਸ਼ਰਮਾ
ਫਰੀਦਕੋਟ 15 ਅਗਸਤ, 2018 - ਅੱਜ ਇਥੋ ਦੇ ਨਹਿਰੂ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ: ਹਰਜੀਤ ਸਿੰਘ, ਆਈ.ਏ.ਐੱਸ. ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਜਿਲ੍ਹਾ ਪੁਲਿਸ ਮੁੱਖੀ ਸ੍ਰੀ ਰਾਜ ਬਚਨ ਸਿੰਘ ਸੰਧੂ ਵੀ ਹਾਜ਼ਰ ਸਨ
ਇਸ ਮੌਕੇ ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਸ੍ਰੀ ਹਰਜੀਤ ਸਿੰਘ ਫਰੀਦਕੋਟ ਡਵੀਜ਼ਨ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸੁਤੰਤਰਤਾ ਸੰਗਰਾਮੀਆਂ, ਤਿੰਨੇ ਸੈਨਾਵਾਂ, ਬਲ ਸੈਨਿਕ ਤੇ ਅਰਧ ਸੈਨਿਕ ਬਲਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਗਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ,ਬੱਬਰ ਅਕਾਲੀ ਲਹਿਰ ਪੱਗੜੀ ਸੰਭਾਲ ਲਹਿਰ ਅਤੇ ਭਾਰਤ ਛੱਡੋ ਅੰਦੋਲਨ ਵਰਗੀਆਂ ਮਹਾਨ ਲਹਿਰਾਂ ਅਤੇ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਹੈ ।ਸਮੂਹ ਸ਼ਹੀਦਾਂ ਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾ ਭੇਂਟ ਕਰਦਿਆਂ ਸ੍ਰੀ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਜੋ ਕਿ ਕੁੱਲ ਕੁਰਬਾਨੀਆਂ ਦਾ 80 ਪ੍ਰਤੀਸ਼ਤ ਬਣਦਾ ਹੈ । ਉਨ੍ਹਾਂ ਆਜ਼ਾਦੀ ਦੌਰਾਨ ਦੁਸ਼ਮਣ ਦੇਸ਼ਾਂ ਨਾਲ ਹੋਈਆਂ ਜੰਗਾਂ ਵਿੱਚ ਸ਼ਹੀਦ ਹੋਣ ਵਾਲੇ ਫੌਜ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਦੇਸ਼ ਦੇ ਅੰਨ ਭੰਡਾਰ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ।
ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਆਜ਼ਾਦੀ ਦੇ 71 ਸਾਲ ਪੂਰੇ ਕਰ ਲਏ ਹਨ ਪਰ ਅੱਜ ਵੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਆਜ਼ਾਦ ਵਿਕਸਿਤ ਪਿੰਡਾਂ ਦੇ ਸਰਬਪੱਖੀ ਵਿਕਾਸ, ਸਿੱਖਿਆ, ਸਿਹਤ, ਬਿਜਲੀ , ਉਦਯੋਗ, ਨਾਗਰਿਕ ਸੇਵਾਵਾਂ ਆਦਿ ਦੇ ਖੇਤਰਾਂ ਵਿੱਚ ਇਤਿਹਾਸਿਕ ਕੰਮ ਕੀਤੇ ਹਨ ਤਾਂ ਜੋ ਰਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਅਤੇ ਰਾਜ ਦਾ ਸਰਬ ਪੱਖੀ ਵਿਕਾਸ ਕੀਤਾ ਜਾ ਸਕੇ ।
ਸ: ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸੰਪੂਰਨ ਤੌਰ ਤੇ ਤੰਦਰੁਸਤ ਬਣਾਉਣ ਲਈ ਲੋਕਾਂ ਨੂੰ ਸ਼ੁੱਧ ਹਵਾ ਪਾਣੀ ਤੇ ਖਾਣ ਵਾਲੀਆਂ ਮਿਆਰੀ ਚੀਜ਼ਾਂ ਮੁਹੱਈਆਂ ਕਰਵਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੇ ਇਹ ਅਹਿਦ ਕੀਤਾ ਹੈ ਕਿ ਰਾਜ ਵਿਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਕੇ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਰੁਜ਼ਗਾਰ ਵੱਲ ਤੋਰਨਾ ਹੈ। ਇਸ ਮਕਸਦ ਲਈ ਸਰਕਾਰ ਵੱਲੋਂ ਪੂਰੇ ਰਾਜ ਵਿੱਚ ਨਸ਼ਿਆਂ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਦਾ ਨਸ਼ਾ ਛੁਡਾਊ ਕੇਂਦਰਾਂ, ਓਟ ਸੈਂਟਰਾਂ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ । ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਜਾਗਰੂਕਤਾ ਲਹਿਰ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਭਰਪੂਰ ਸ਼ਲਾਘਾ ਕੀਤੀ । ਇਸ ਉਪਰੰਤ ਮੁੱਖ ਮਹਿਮਾਨ ਜੀ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਬੀ.ਐਸ.ਐਫ, ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ, ਐਨ.ਸੀ.ਸੀ., ਗਾਇਡਜ ਆਦਿ ਟੁੱਕੜੀਆਂ ਤੋਂ ਸਲਾਮੀ ਲਈ ।
ਇਸ ਮੌਕੇ ਪੰਜਾਬ ਪੁਲਿਸ ਤੇ ਸਕੂਲੀ ਵਿਦਿਆਰਥੀਆਂ ਦੇ ਬੈਚਾਂ ਵੱਲੋਂ ਦੇਸ਼ ਭਗਤੀ ਦੀਆਂ ਧੁਨਾਂ ਨਾਲ ਮਾਰਚ ਪਾਸਟ ਕੀਤਾ ਗਿਆ । ਇਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ ਘਰ ਹਰਿਆਲੀ, ਨਸ਼ਿਆਂ ਵਿਰੋਧੀ ਜਾਗਰੂਕਤਾ, ਘਰ ਘਰ ਰੁਜ਼ਗਾਰ, ਮੁੱਖ ਮੰਤਰੀ ਸਰਬੱਤ ਵਿਕਾਸ ਯੋਜਨਾ ਆਦਿ ਸਬੰਧੀ ਝਾਕੀਆਂ ਵੀ ਕੱਢੀਆਂ ਗਈਆਂ । ਇਸ ਉਪਰੰਤ ਵੱਖ ਵੱਖ ਸਕੂਲਾਂ , ਸਿੱਖਿਆ ਸੰਸਥਾਵਾਂ ਵੱਲੋਂ ਦੇਸ਼ ਭਗਤੀ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਵਿੱਚ ਝੂਮਰ, ਮਲਵਈ ਗਿੱਧਾ, ਭੰਗੜਾ, ਰਾਜਸਥਾਨੀ ਡਾਂਸ ਆਦਿ ਦੀ ਸਫਲ ਪੇਸ਼ਕਾਰੀ ਕੀਤੀ ਗਈ ।ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਾਲਾ ਨੁੱਕੜ ਨਾਟਕ ਚੇਤਨਾ ਦੀ ਸਫਲ ਪੇਸ਼ਕਾਰੀ ਕੀਤੀ ਗਈ । ਮੁੱਖ ਮਹਿਮਾਨ ਵੱਲੋਂ ਆਜ਼ਾਦੀ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ , ਸ਼ਹੀਦਾਂ ਦੇ ਪਰਿਵਾਰਾਂ, ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਤੇ ਖਿਡਾਰੀਆਂ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਉਨ੍ਹਾਂ ਦੀਆਂ ਮਾਣਵਤਾ ਪ੍ਰਤੀ ਵਢਮੁੱਲੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਘਰ ਘਰ ਨੌਕਰੀ ਤਹਿਤ 50 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਪੇ ਗਏ ਅਤੇ ਮੁੱਖ ਮੰਤਰੀ ਸਰਬੱਤ ਵਿਕਾਸ ਯੋਜਨਾ ਤਹਿਤ 20 ਲਾਭ ਪਾਤਰੀਆਂ ਨੂੰ ਸਰਟੀਫਿਕੇਟ ਦਿੱਤੇ ਗਏ । ਇਸ ਤੋਂ ਇਲਾਵਾ 10 ਕਿਸਾਨਾਂ ਨੂੰ ਕਰਜ਼ਾ ਰਹਿਤ ਸਰਟੀਫਿਕੇਟ ਦਿੱਤੇ ਗਏ ਅਤੇ ਨਾੜ/ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਮੁੱਖ ਮਹਿਮਾਨ ਜੀ ਵੱਲੋਂ 100 ਬੱਡੀਜ਼ (ਦੋਸਤੀ) ਗੁਰੱਪਾਂ ਨੂੰ ਬੈਚ ਲਾ ਕੇ ਸਨਮਾਨਿਤ ਕੀਤਾ ਜੋ ਕਿ ਲੋਕਾਂ ਨੂੰ ਅਤੇ ਸਿੱਖਿਆ ਸੰਸਥਾਵਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਜਾਗਰੂਕ ਕਰਨਗੇ ।
ਇਸ ਮੌਕੇ ਮੈਂਬਰ ਲੋਕ ਸਭਾ ਪ੍ਰੋਫੈਸਰ ਸਾਧੂ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ , ਸੀ.ਜੇ.ਐਮ. ਸ੍ਰੀ ਕਪਿਲ ਦੇਵ ਸਿੰਗਲਾ, ਸੀ.ਜੇ.ਐਮ. ਕਮ ਸਕੱਤਰ ਕਾਨੂੰਨੀ ਸੇਵਾਵਾ ਅਥਾਰਿਟੀ ਸ੍ਰੀਮਤੀ ਹਰਗੁਰਜੀਤ ਕੌਰ, ਏ.ਡੀ.ਸੀ. (ਜ) ਗੁਰਜੀਤ ਸਿੰਘ, ਏ.ਡੀ.ਸੀ.(ਡੀ) ਪਰਮਜੀਤ ਕੌਰ, ਆਰ.ਟੀ.ਏ. ਹਰਦੀਪ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਬਬਨਜੀਤ ਸਿੰਘ, ਜ਼ਿਲ੍ਹਾ ਗਾਇਡੈਂਸ ਕੌਂਸਲਰ ਜਸਬੀਰ ਜੱਸੀ, ਸਾਬਕਾ ਮੰਤਰੀ ਸ੍ਰੀ ਉਪਿੰਦਰ ਸ਼ਰਮਾ, ਡੀ.ਐਫ.ਐਸ.ਸੀ. ਸੁਖਵਿੰਦਰ ਸਿੰਘ, ਜਿਲ੍ਹਾ ਸਿੱਖਿਆ ਅਫਸਰ ਬਲਜੀਤ ਕੌਰ, ਤਹਿਸੀਲਦਾਰ ਰਮੇਸ਼ ਜੈਨ , ਕਾਂਗਰਸੀ ਆਗੂ ਸੁਰਿੰਦਰ ਗੁਪਤਾ ,ਸੁਰਜੀਤ ਸਿੰਘ ਢਿੱਲੋ, ਅਮਿਤ ਕੁਮਾਰ, ਬਲਕਰਨ ਨੰਗਲ ਕੁਰਮਜੀਤ ਸਿੰਘ ਟਹਿਣਾ, ਡਾ. ਜਗੀਰ ਸਿੰਘ ਆਦਿ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ ।