ਫਤਹਿਗੜ੍ਹ ਸਾਹਿਬ, 23 ਜੁਲਾਈ 2018- ਪੰਜਾਬ ਵਿਚ ਧੀਆਂ ਅਤੇ ਰੁੱਖਾਂ ਨੂੰ ਬਚਾਉਣ ਵਾਲੀ ਮੁਹਿੰਮ ਕਾਫੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿਚ ਧੀਆਂ ਜਿੱਥੇ ਪੰਜਾਬ ਦੇ ਨੌਜਵਾਨਾਂ ਨਾਲੋਂ ਵੀ ਅੱਗੇ ਲੰਘ ਚੁੱਕੀਆਂ ਹਨ, ਉਥੇ ਹੀ ਧੀਆਂ ਵੱਲੋਂ ਸਮਾਜ 'ਚ ਫੈਲੇ ਗੰਦਲੇਪਣ ਨੂੰ ਠੀਕ ਕਰਨ 'ਚ ਵੀ ਆਪਣਾ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸੇ ਗੱਲ ਦੀ ਤਾਜ਼ਾ ਮਿਸਾਲ ਬਣ ਕੇ ਸਮੁੱਚੇ ਜਗਤ ਦੀਆਂ ਧੀਆਂ ਅਤੇ ਇਸ ਸਵਰਗ ਜਿਹੀ ਧਰਤ ਦੀ ਰਖਵਾਲੀ ਕਰਨ ਸਬੰਧੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਅਤਾਪੁਰ ਦੀ 10 ਸਾਲਾ ਬੱਚੀ ਜਸਕੀਰਤ ਕੌਰ ਗੁਰਨਾ ਨੇ ਆਪਣੇ ਜਨਮਦਿਨ ਮੌਕੇ ਪੁਲਿਸ ਪ੍ਰਸ਼ਾਸਨ ਨੂੰ ਬੂਟੇ ਵੰਡੇ। ਜਿਥੇ ਅੱਜ ਕੱਲ੍ਹ ਦੇ ਨਿਆਣੇ ਆਪਣੇ ਜਨਮਦਿਨ ਮੌਕੇ ਵਿਦੇਸ਼ੀ ਖਾਣਿਆਂ ਦਾ ਲੁਤਫ ਲੈਣਾ ਪਸੰਦ ਕਰਦੇ ਨੇ ਉਥੇ ਹੀ ਪੰਜਾਬ ਦੀ ਇਸ ਧੀ ਨੇ ਇਹ ਸਰਾਹੁਣਯੋਗ ਕਦਮ ਪੁੱਟ ਕੇ ਨਾ ਸਿਰਫ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਸਗੋਂ ਸਮੁੱਚੇ ਪੰਜਾਬ ਦੀਆਂ ਧੀਆਂ ਦਾ ਵਾਤਾਵਰਨ ਪ੍ਰਤੀ ਅਤੇ ਆਪਣੇ ਸਮਾਜ ਪ੍ਰਤੀ ਫਰਜ਼ ਨੂੰ ਵੀ ਭਲੀਭਾਂਤ ਦਰਸਾ ਦਿੱਤਾ।
ਜਸਕੀਰਤ ਕੌਰ ਮਹਿਜ਼ 10 ਸਾਲ ਦੀ ਉਮਰ ਦੀ ਇਕ ਛੋਟੀ ਬੱਚੀ ਹੈ ਜਿਸਨੇ ਵੱਡੀ ਸੋਚ ਨਾਲ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਮੈਡਮ ਅਲਕਾ ਮੀਨਾ, ਐਸਪੀਡੀ ਸ. ਹਰਪਾਲ ਸਿੰਘ, ਡੀਐਸਪੀ ਵਿਰਕ ਤੇ ਹੋਰ ਅਫਸਰ ਸਾਹਿਬਾਨਾਂ ਦਾ ਮਨ ਮੋਹ ਲਿਆ। ਜਸਕੀਰਤ ਨੇ ਤਮਾਮ ਵੱਡੇ ਅਫਸਰਾਂ ਵਿਚਕਾਰ ਲੈਕਚਰ ਦਿੰਦਿਆਂ ਸਭ ਨੂੰ ਪੀਸੀਐਸ ਤੇ ਆਈਪੀਐਸ ਦੀ ਪਰਿਭਾਸ਼ਾ ਤੋਂ ਲੈ ਕੇ ਕਿਸ ਤਰ੍ਹਾਂ ਇਸ ਟੈਸਟ ਦੀ ਤਿਆਰੀ ਕੀਤੀ ਜਾ ਸਕਦੀ ਹੈ, ਸਭ ਕੁਝ ਦੱਸਿਆ, ਜਿਸ ਨਾਲ ਉੱਚ ਪ੍ਰਸ਼ਾਸਨਿਕ ਅਧਿਕਾਰੀ ਇਸ ਬੱਚੀ ਦੇ ਹੁਨਰ ਨੂੰ ਦੇਖ ਹੈਰਾਨ ਹੋ ਗਏ। ਐਸਐਸਪੀ ਮੈਡਮ ਅਲਕਾ ਮੀਨਾ ਨੇ ਉਚੇਚੇ ਤੌਰ 'ਤੇ ਛੋਟੀ ਬੱਚੀ ਜਸਕੀਰਤ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।