ਕੋਠੇ ਸੁਰਜੀਤਪੁਰਾ/ਬਰਨਾਲਾ, 22 ਜੁਲਾਈ : ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸੰਦਾਂ 'ਤੇ ਦਿੱਤੀ ਜਾਂਦੀ ਸਬਸਿਡੀ ਦੀ ਮਦਦ ਨਾਲ ਖੇਤੀਬਾੜੀ ਨੂੰ ਸਫ਼ਲ ਧੰਦਾ ਬਣਾਉਣ ਦੇ ਯਤਨਸ਼ੀਲ ਪਿੰਡ ਕੋਠੇ ਸੁਰਜੀਤਪੁਰਾ ਦੇ ਦੋ ਕਿਸਾਨ ਭਰਾਵਾਂ, ਜਗਤਾਰ ਸਿੰਘ ਤੇ ਨਿਰਮਲ ਸਿੰਘ, ਨੇ ਫ਼ਸਲੀ ਵਿਭਿੰਨਤਾ ਵੱਲ ਤੁਰੇ ਕਦਮਾਂ ਨੂੰ ਠੋਸ ਹੁਲਾਰਾ ਦਿੱਤਾ ਹੈ । ਦੋ ਸਕੇ ਭਰਾਵਾਂ ਦੀ ਇਸ ਜੋੜੀ ਨੇ 2005 'ਚ 4 ਏਕੜ ਆਲੂ ਦੀ ਫ਼ਸਲ ਤੋਂ ਸ਼ੁਰੂਆਤ ਕੀਤੀ ਅਤੇ ਅੱਜ 100 ਏਕੜ ਦੀ ਆਲੂ ਅਤੇ ਉਸ ਤੋਂ ਬਾਅਦ ਮੱਕੀ ਦੀ ਫ਼ਸਲ ਦੇ ਵੱਡੇ ਕਾਸ਼ਤਕਾਰ ਬਣ ਕੇ ਉੱਭਰ ਰਹੇ ਹਨ। ਹਰ ਸਾਲ ਆਲੂ ਦੀ ਪੁਟਾਈ ਤੋਂ ਬਾਅਦ ਮੱਕੀ ਤੇ ਝੋਨੇ ਦੀ ਫ਼ਸਲ ਬੀਜਦੇ ਹਨ ਜਿਸ ਕਾਰਨ ਅਕਸਰ ਘਾਟੇ ਦਾ ਸੌਦਾ ਕਹੇ ਜਾਣ ਵਾਲੇ ਖੇਤੀ ਦੇ ਧੰਦੇ ਨੂੰ ਇਨ੍ਹਾਂ ਭਰਾਵਾਂ ਨੇ ਖੇਤੀ ਵਿਗਿਆਨੀਆਂ ਤੇ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਸਫ਼ਲ ਬਣਾ ਲਿਆ ਹੈ। ਖੇਤੀਬਾੜੀ ਵਿਭਾਗ ਬਰਨਾਲਾ ਤੋਂ ਸਬਸਿਡੀ 'ਤੇ ਲਏ ਮੱਕੀ ਕਟਰ ਨੇ ਪੱਕੀ ਹੋਈ ਮੱਕੀ ਦੀ ਫਸਲ ਨੂੰ ਸਮੇਂ ਸਿਰ ਸਾਂਭਣ ਤੇ ਖੇਤੀ ਲਾਗਤਾਂ ਨੂੰ ਘਟਾਉਣ 'ਚ ਇਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕਿਸਾਨ ਮੇਲਿਆਂ ਤੋਂ ਜਾਣਕਾਰੀ ਲੈ ਕੇ ਉਨ੍ਹਾਂ ਅਚਾਰ ਪਾਉਣਾ ਸ਼ੁਰੂ ਕੀਤਾ ਸੀ, ਜੋ ਕਿ ਅੱਜ ਉਨ੍ਹਾਂ ਦੀ ਬੱਚਤ ਦਾ ਵੱਡਾ ਕਾਰਨ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ 2011 ਵਿੱਚ ਮੇਜ਼ ਹਰਵੈਸ਼ਟਰ ਸਬਸਿਡੀ 'ਤੇ ਦਿੱਤਾ ਗਿਆ ਸੀ ਜੋ ਕਿ ਉਨ੍ਹਾਂ ਲਈ ਬਹੁਤ ਸਹਾਈ ਸਿੱਧ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੀ ਮਦਦ ਨਾਲ ਲੇਬਰ ਦਾ ਕੰਮ ਵੀ ਘੱਟ ਗਿਆ ਅਤੇ ਕੰਮ ਦਾ ਨਿਬੇੜਾ ਵੀ ਤੇਜ਼ੀ ਨਾਲ ਹੋਣ ਲੱਗਿਆ।
ਜਗਤਾਰ ਸਿੰਘ ਨੇ ਦੱਸਿਆ ਕਿ 10 ਕੁ ਸਾਲ ਪਹਿਲਾਂ ਉਨ੍ਹਾਂ ਨੇ ਮੱਕੀ ਦਾ ਅਚਾਰ, ਛੱਲੀ (80-85 ਦਿਨ ਦੀ) ਤੋੜਨ ਤੋਂ ਬਾਅਦ, ਪਾਉਣਾ ਸ਼ੁਰੂ ਕੀਤਾ ਅਤੇ ਅੱਜ ਤੱਕ ਆਪਣੇ ਪਸ਼ੂਆਂ ਲਈ ਲੋੜ ਅਨੁਸਾਰ ਬਾਦਸਤੂਰ ਜਾਰੀ ਹੈ। ਉਸਨੇ ਦੱਸਿਆ ਕਿ ਮੱਕੀ ਦਾ ਆਚਾਰ ਪਾਉਣ 'ਤੇ ਨਾ ਮਾਤਰ ਹੀ ਖ਼ਰਚਾ ਆਉਂਦਾ ਹੈ ਅਤੇ ਇਹ ਤੂੜੀ ਦੀ ਵੀ ਬਹੁਤ ਬੱਚਤ ਕਰਦਾ ਹੈ। ਉਸਨੇ ਦੱਸਿਆ ਕਿ ਮੱਕੀ ਦਾ ਆਚਾਰ ਸਮੇਤ ਛੱਲੀਆਂ ਦੇ ਜਾਂ ਛੱਲੀਆਂ ਤੋੜ ਕੇ ਇਕੱਲੇ ਟਾਂਡਿਆਂ ਦਾ ਵੀ ਪਾਇਆ ਜਾ ਸਕਦਾ ਹੈ। ਉਸਨੇ ਇਹ ਵੀ ਦੱਸਿਆ ਕਿ ਪ੍ਰਤੀ ਦਿਨ ਦੇ ਹਿਸਾਬ ਨਾਲ ਇੱਕ ਪਸ਼ੂ 35 ਕਿਲੋਗਰਾਮ ਅਚਾਰ ਖਾਂਦਾ ਹੈ ਅਤੇ ਇੱਕ ਏਕੜ ਵਿੱਚੋਂ 125 ਤੋਂ 150 ਕੁਇੰਟਲ ਤੱਕ ਅਚਾਰ ਬਣ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਤੇ ਉਨ੍ਹਾਂ ਦੀ ਆਮਦਨ 'ਚ ਵਾਧਾ ਕਰਨ ਲਈ ਕਈ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਬਰਨਾਲਾ ਵੀ ਉਨ੍ਹਾਂ ਸਕੀਮਾਂ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਲਈ ਅਣਥੱਕ ਯਤਨ ਕਰ ਰਹੇ ਹਨ।
ਸ੍ਰੀ ਗੁਪਤਾ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਪੰਜਾਬ ਦੀ ਜ਼ਮੀਨ ਦੀ ਉਪਾਜਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦੇ ਨਾਲ-ਨਾਲ ਪਾਣੀ ਦੀ ਸਹੀ ਸੰਭਾਲ ਵੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਖੇਤੀ ਸੰਦਾਂ ਤੇ ਬੀਜਾਂ 'ਤੇ ਵੱਡੇ ਪੱਧਰ 'ਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।