ਬਠਿੰਡਾ, 21 ਜੁਲਾਈ - ਮਿਸ਼ਨ ਤੰਦਰੁਸਤ ਪੰਜਾਬ ਤਹਿਤ 22 ਜੁਲਾਈ 2018 ਦਿਨ ਐਤਵਾਰ ਨੂੰ ਰੋਜ਼ ਗਾਰਡਨ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕਰਨਗੇ। ਬਠਿੰਡਾ ਵਾਸੀਆਂ ਨੂੰ ਇਸ ਸਬੰਧੀ ਨਿੱਘਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ, ਬਠਿੰਡਾ ਸ਼੍ਰੀ ਪਰਨੀਤ ਨੇ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ ਪਰੰਤੂ ਇਸ 'ਚ ਨੌਜਵਾਨ ਅਤੇ ਬੱੱਚੇ ਵੀ ਭਾਗ ਲੈ ਸਕਦੇ ਹਨ । ਸਵੇਰੇ 06:00 ਵਜੇ ਤੋਂ ਲੈ ਕੇ 08:00 ਵਜੇ ਤੱਕ ਰੋਜ਼ ਗਾਰਡਨ ਤੋਂ ਲੈ ਕੇ ਜਾਗਰਜ਼ ਪਾਰਕ ਤੱਕ ਇਹ ਵਿਸ਼ੇਸ਼ ਵਾਕਾਥਨ ਰੱਖੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਮਾਗਮ 'ਚ ਭਾਗ ਲੈਣ ਵਾਲਿਆਂ ਨੂੰ ਵਾਕਾਥਨ 2018 ਦੀਆਂ ਵਿਸ਼ੇਸ਼ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਕਪੜਿਆਂ ਤੋਂ ਉਪਰ ਪਹਿਨੀਆਂ ਜਾ ਸਕਦੀਆਂ ਹਨ। ਵਾਕਾਥਨ ਤੋਂ ਪਹਿਲਾਂ ਆਰਟ ਆਫ਼ ਲਿਵਿੰਗ ਸੰਸਥਾਂ ਵਲੋਂ ਮੁਫ਼ਤ ਯੋਗਾ ਅਤੇ ਮੈਡੀਟੇਸ਼ਨ ਦਾ ਕੈਂਪ ਲਗਾਇਆ ਜਾਵੇਗਾ। ਕਾਵਾਥਨ 'ਚ ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਡਾਕਟਰਾਂ, ਦਵਾਈਆਂ ਅਤੇ ਐਂਬੂਲੈਂਸ ਦਾ ਪ੍ਰਬੰਧ ਆਈ.ਵੀ. ਹਸਪਤਾਲ ਵਲੋਂ ਕੀਤਾ ਜਾਵੇਗਾ। ਇਸੇ ਤਰ•ਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ, ਹਲਕੇ-ਫੁਲਕੇ ਨਾਸ਼ਤੇ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਭਾਗ ਲੈਣ ਲਈ ਰਜਿਸਟਰੇਸ਼ਨ www.tandarustpunjab.com 'ਤੇ ਕੀਤਾ ਜਾ ਸਕਦਾ ਹੈ। ਇਹ ਰਜਿਸਟਰੇਸ਼ਨ ਮੌਕੇ 'ਤੇ ਵੀ ਕਰਵਾਈ ਜਾ ਸਕਦੀ ਹੈ।
ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਾਕਾਥਨ 'ਚ ਭਾਗ ਲੈਣ ਵਾਲੇ ਆਪਣੇ ਨਾਲ ਛੱਤਰੀ ਆਦਿ ਵੀ ਲਿਆ ਸਕਦੇ ਹਨ।
ਇਸ ਮੌਕੇ ਐਸ.ਪੀ. ਸ਼੍ਰੀ ਪੁਰਮੀਤ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਨਵੀਨ ਗਡਵਾਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ ਆਦਿ ਵੀ ਮੌਜੂਦ ਸਨ।