ਮਾਨਸਾ 20 ਜੁਲਾਈ 2018 - ਤਾਮਕੋਟ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਅੱਛੀ ਕਾਰਗੁਜ਼ਾਰੀ ਕਾਰਨ ਦੋ ਸਾਲ ਪਹਿਲਾਂ ਰਾਸ਼ਟਰਪਤੀ ਅਵਾਰਡ ਨਾਲ ਨਿਵਾਜਿਆ ਗਿਆ ਸੀੀ ਜਿਸਦੀ ਇਨਾਮ ਰਾਸ਼ੀ ਦੋ ਸਾਲ ਬਾਦ ਹੁਣ ਮਹਿਜ਼ 15 ਦਿਨ ਪਹਿਲਾਂ ਪੰਚਾਇਤੀ ਖਾਤੇ ਤੱਕ ਪਹੁੰਚਾਈ ਗਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਰਣਜੀਤ ਸਿੰਘ ਸਰਪੰਚ ਤਾਮਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਦੀ ਮਨਜੂਰੀ ਨਾਲ ਮਤਾ ਪਾ ਕੇ ਇਹ ਰਾਸ਼ੀ ਪਿੰਡ ਦੇ ਵਿਕਾਸ ਤੇ ਲਾਉਣ ਤੋਂ ਪ੍ਰਸ਼ਾਸਨ ਦੀ ਦਖਲ ਅੰਦਾਜ਼ੀ ਕਾਰਨ ਰੋਕਿਆ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਜਿਲ੍ਹਾ ਆਗੂ ਨਰਿੰਦਰ ਕੌਰ ਬੁੁਰਜ ਹਮੀਰਾ ਨੇ ਕਿਹਾ ਕਿ ਸਰਮਾਏਦਾਰ ਅੰਬਾਨੀਆਂ, ਅਡਾਨੀਆਂ ਦੀ ਚਹੇਤੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡ ਤਾਮਕੋਟ ਦੇ ਮਜ਼ਦੂਰ ਵਿਹੜਿਆਂ ਅਤੇ ਗਲੀਆਂ ਪੱਕੀਆਂ ਕਰਨ ਦੇ ਕਾਰਜ ਵਿੱਚ ਲੱਗ ਰਹੀ ਰਾਸ਼ੀ ਨੂੰ ਰੋਕਣਾ ਕੋਝਾ ਕਾਰਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਦੀ ਆੜ ਵਿੱਚ ਪਿੰਡ ਤਾਮਕੋਟ ਵਿੱਚ ਚੱਲ ਰਿਹਾ ਕੰਮ ਪ੍ਰਸ਼ਾਸਨ ਨੂੰ ਦਿਖ ਗਿਆ ਜਦਕਿ ਮਾਨਸਾ ਜਿਲ੍ਹੇ ਦੇ ਆਸ ਪਾਸ ਦੇ ਹੋਰਨਾਂ ਪਿੰਡਾਂ ਵਿੱਚ ਅਕਾਲੀ ਕਾਂਗਰਸ ਪੰਚਾਇਤਾਂ ਵੱਲੋਂ ਕੀਤਾ ਜਾ ਰਿਹਾ ਜਾਇਜ਼ ਨਜਾਇਜ਼ ਕੰਮ ਜਿਉਂ ਦਾ ਤਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਕਲਾਬੀ ਪੰਚਾਇਤ ਤਾਮਕੋਟ ਨੂੰ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਦੋ ਸਾਲ ਲੇਟ ਅਵਾਰਡ ਦੀ ਰਾਸ਼ੀ ਪੰਹੁਚਾਈ ਗਈ ਪਰ ਜਦ ਉਸ ਰਾਸ਼ੀ ਨੂੰ ਜਨਤਾ ਦੀ ਸਹਿਮਤੀ ਨਾਲ ਲਗਾਉਣ ਦਾ ਅਹਿਮ ਕਾਰਜ ਚਾਲੂ ਕੀਤਾ ਗਿਆ ਤਾਂ ਕੰਮ ਰੋਕ ਕੇ ਜਨਤਾ ਅਤੇ ਮਜ਼ਦੂਰ ਵਿਰੋਧੀ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਕਾਰਪੋਰੇਟ ਪੱਖੀ ਕਾਂਗਰਸ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਇੰਨ੍ਹਾਂ ਹਰਕਤਾਂ ਨੂੰ ਸੀਪੀਆਈ (ਐਮ.ਐਲ.) ਲਿਬਰੇਸ਼ਨ ਕਦੇ ਬਰਦਾਸ਼ਤ ਨਹੀਂ ਕਰੇੇਗੀ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਇਸ ਸਮੇਂ ਬੇਅੰਤ ਕੌਰ ਤਾਮਕੋਟ, ਮੋਦਨ ਸਿੰਘ ਨਾਰੰਗ, ਬਾਵਾ ਤਾਮਕੋਟ, ਭੋਲਾ ਸਿੰਘ ਫੌਜੀ, ਪ੍ਰਦੀਪ ਗੁਰੂ ਅਤੇ ਰਾਣੀ ਕੌਰ ਹਾਜ਼ਰ ਸਨ।