ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਰਾਜ ਪੱਧਰੀ ਮਾਸਟਰ ਟ੍ਰੇਨਰ ਤੇ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਪ੍ਰੋਗਾਰਮਰ ਜਗਦੇਵ ਸਿੰਘ ਤੇ ਅਮਿਤ ਸੈਣੀ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਅਤੇ ਨਵੀਆਂ ਐਪਸ ਦੀ ਜਾਣਕਾਰੀ ਦਿੰਦੇ ਹੋਏ।
ਪਟਿਆਲਾ, 20 ਜੁਲਾਈ 2018:
ਆਗਾਮੀ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਲੁਧਿਆਣਾ ਦੇ ਕੁਲ 32 ਵਿਧਾਨ ਸਭਾ ਹਲਕਿਆਂ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੀ ਸੂਚਨਾ ਤਕਨਾਲੋਜੀ ਨਾਲ ਸਬੰਧਤ ਸਿਖਲਾਈ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਦਿਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ।
ਪਟਿਆਲਾ ਡਵੀਜਨ ਦੇ ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ ਦੀ ਨਿਗਰਾਨੀ ਹੇਠ ਸੰਪੰਨ ਹੋਈ ਇਸ ਸਿਖਲਾਈ ਮਗਰੋਂ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਆਬਜੈਕਟਿਵ ਟਾਇਪ ਪ੍ਰਸ਼ਨ ਪੱਤਰ ਦੇ ਆਧਾਰ 'ਤੇ ਇਨ੍ਹਾਂ ਅਧਿਕਾਰੀਆਂ ਦਾ ਇਮਤਿਹਾਨ ਵੀ ਲਿਆ ਗਿਆ। ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਰਾਜ ਪੱਧਰੀ ਮਾਸਟਰ ਟ੍ਰੇਨਰ ਤੇ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਸਮੇਤ ਜ਼ਿਲ੍ਹਾ ਚੋਣ ਦਫ਼ਤਰ ਲੁਧਿਆਣਾ ਦੇ ਪ੍ਰੋਗਾਰਮਰ ਸ੍ਰੀ ਜਗਦੇਵ ਸਿੰਘ ਅਤੇ ਜ਼ਿਲ੍ਹਾ ਚੋਣ ਦਫ਼ਤਰ ਪਟਿਆਲਾ ਦੇ ਸ੍ਰੀ ਅਮਿਤ ਸੈਣੀ ਨੇ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਅਤੇ ਨਵੀਆਂ ਐਪਸ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਸਿਵ ਕੁਮਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਵੇਂ ਅਪਡੇਟ ਕੀਤੇ ਗਏ ਸਾਫ਼ਟਵੇਅਰਾਂ ਦੀ ਮਦਦ ਨਾਲ ਹੁਣ ਚੋਣਕਾਰਾਂ ਦੀ ਅਪਡੇਸ਼ਨ ਦਾ ਕੰਮ ਘਟਾਇਆ ਗਿਆ ਹੈ ਤੇ ਕਾਫ਼ੀ ਕੰਮ ਹੁਣ ਸਾਫਟਵੇਅਰ ਜਰੀਏ ਅਸਾਨ ਤਰੀਕੇ ਨਾਲ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਹਾਈਬ੍ਰਿਡ ਬੀ.ਐਲ.ਓ. ਮੋਬਾਇਲ ਐਪ ਰਾਹੀਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਅਪਡੇਸ਼ਨ ਦਾ ਕੰਮ ਹੋਰ ਸੁਖਾਲਾ ਹੋ ਗਿਆ ਹੈ। ਜਦੋਂਕਿ ਨਵੇਂ ਸਾਫ਼ਟਵੇਅਰਾਂ ਦੀ ਮਦਦ ਨਾਲ ਭਾਰਤ 'ਚ ਕਿਤੇ ਵੀ ਬਣੀ ਡੁਪਲੀਕੇਟ ਵੋਟ ਤੁਰੰਤ ਫੜੀ ਜਾਵੇਗੀ ਅਤੇ ਬੀ.ਐਲ.ਓ. ਨੂੰ ਹਰ ਰੋਜ਼ ਈਆਰਓ ਦਫ਼ਤਰ ਨਹੀਂ ਜਾਣਾ ਪਵੇਗਾ ਤੇ ਉਹ ਆਪਣੀ ਰਿਪੋਰਟ ਮੋਬਾਇਲ ਐਪ ਰਾਹੀਂ ਆਨਲਾਇਨ ਦੇ ਸਕੇਗਾ।
ਸ੍ਰੀ ਸ਼ਿਵ ਕੁਮਾਰ ਨੇ ਈਆਰਓ ਨੈਟ 2.0, ਸਰਵਿਸ ਵੋਟਰ ਐਪ ਆਦਿ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੁਣ ਕਿ ਸੁਝਾਓ, ਸ਼ਿਕਾਇਤਾਂ ਆਦਿ ਲਈ ਹੁਣ ਕੌਮੀ ਪੱਧਰ ਦਾ ਸ਼ਿਕਾਇਤ ਨਿਪਟਾਰਾ ਪੋਰਟਲ ਬਣਾ ਦਿੱਤਾ ਗਿਆ ਹੈ, ਇਸ ਨਾਲ ਸ਼ਿਕਾਇਤ ਤੇ ਸੁਝਾਓ ਸਬੰਧਤ ਅਧਿਕਾਰੀ ਤੱਕ ਤੁਰਤ ਪੁੱਜੇਗਾ। ਉਨ੍ਹਾਂ ਦੱਸਿਆ ਕਿ ਵੋਟ ਬਣਵਾਉਣ ਲਈ ਫਾਰਮ ਭਰਨਾ ਹੋਰ ਵੀ ਸੌਖਾ ਕਰ ਦਿੱਤਾ ਗਿਆ ਹੈ। ਪੋਲਿੰਗ ਸਟੇਸ਼ਨਾਂ ਦੀ ਜਾਣਕਾਰੀ ਵੀ ਸਹੀ ਮੁਹੱਈਆ ਕਰਵਾਈ ਗਈ ਹੈ ਤੇ ਹਰ ਬੂਥ ਦਾ ਨਕਸ਼ਾ ਗੂਗਲ ਮੈਪ ਰਾਹੀਂ ਦਿਖਾਇਆ ਗਿਆ ਹੈ। ਉਨ੍ਹਾਂ ਨੇ 19 ਤਰ੍ਹਾਂ ਦੀਆਂ ਲੌਜ਼ੀਕਲ ਗ਼ਲਤੀਆਂ ਬਾਰੇ ਜਾਣੂ ਕਰਵਾਇਆ।
ਰਾਜ ਪੱਧਰੀ ਮਾਸਟਰ ਟ੍ਰੇਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਿੰਗਲ ਵਿੰਡੋ ਸਿਸਟਮ ਸਥਾਪਤ ਕਰਦਿਆਂ ਇੰਟੈਗ੍ਰੇਟੇਡ ਕਾਂਟੈਕਟ ਸੈਂਟਰ ਬਣਾਏ ਗਏ ਹਨ। ਇਸ 'ਚ ਕੌਮੀ ਕਾਂਟੈਕਟ ਸੈਂਟਰ, ਜਿਸ ਦਾ ਟੌਲ ਫ਼ਰੀ ਨੰਬਰ 1800111950 ਹੈ ਤੇ ਇਹ ਸਵੇਰੇ 8 ਤੋਂ ਰਾਤ 8 ਵਜੇ ਤੱਕ ਕੰਮ ਕਰੇਗਾ ਜਦੋਂਕਿ ਪੰਜਾਬ ਰਾਜ ਦਾ ਟੌਲ ਫ਼ਰੀ ਨੰਬਰ 1950 ਦਿੱਤਾ ਗਿਆ ਹੈ, ਜੋ ਕਿ ਕੰਮ ਵਾਲੇ ਦਿਨਾਂ 'ਚ 9 ਤੋਂ 5 ਕੰਮ ਕਰੇਗਾ। ਇਸ ਦੋ ਰੋਜਾ ਸਿਖਲਾਈ 'ਚ ਇਨ੍ਹਾਂ 32 ਹਲਕਿਆਂ ਦੇ 40 ਦੇ ਕਰੀਬ ਅਧਿਕਾਰੀਆਂ ਨੂੰ ਸਰਟੀਫਿਕੇਸ਼ਨ ਪ੍ਰੋਗਰਾਮ ਆਫ਼ ਈ.ਆਰ.ਓ. ਅਤੇ ਏ.ਈ.ਆਰ.ਓ. ਰੀ-ਟ੍ਰੇਨਿੰਗ ਕਰਵਾ ਕੇ ਇਸ ਦਾ ਮੁਲੰਕਣ ਕੀਤਾ ਗਿਆ।