ਜੀ ਐੱਸ ਪੰਨੂ
ਪਟਿਆਲਾ, 17 ਜੁਲਾਈ2018 - ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋ ਮੁਕਤ ਕਰਨ ਲਈ ਹਰ ਸ਼ਹਿਰ ਚ ਹਸਪਤਾਲ ਸਥਾਪਿਤ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਸਿਹਤ ਸੁਵਿਧਾ ਲੈਣ ਚ ਮੁਸ਼ਕਿਲ ਦਾ ਸਾਹਮਣਾ ਨ ਕਰਨਾ ਪਵੇ, ਪਰ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਆਪਣੇ ਸ਼ਹਿਰ ਪਟਿਆਲਾ ਵਿਖੇ ਸਥਿਤ ਉਤਰ ਭਾਰਤ ਦਾ ਪ੍ਰਸਿੱਧ ਹਸਪਤਾਲ ਰਾਜਿੰਦਰਾ ਹਸਪਤਾਲ ਪਟਿਆਲਾ ਖ਼ੁਦ ਬਿਮਾਰ ਪਿਆ ਹੈ।
ਪਟਿਆਲਾ ਸ਼ਹਿਰ ਕੇਵਲ ਸਿਹਤ ਮੰਤਰੀ ਦਾ ਹੀ ਨਹੀਂ ਬਲਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਵਿਧਾਨ ਸਭਾ ਹਲਕਾ ਹੈ ਤੇ ਇਥੇ ਬਣੇ ਰਾਜਿੰਦਰਾ ਹਸਪਤਾਲ ਦੀ ਹਾਲਤ ਬਹੁਤ ਖਸਤਾ ਹੋਈ ਪਈ ਹੈ, ਇਹੀ ਹਾਲ ਇੱਥੇ ਬਣੇ ਮਾਤਾ ਕੁਸ਼ੱਲਿਆ ਹਸਪਤਾਲ ਦਾ ਵੀ ਹੈ ਇਥੇ ਇਹ ਦੱਸਣ ਯੋਗ ਹੈ ਕਿ ਮਾਤਾ ਕੁਸ਼ੱਲਿਆ ਹਸਪਤਾਲ ਦੇ ਪਿਛਵਾੜੇ ਪਈ ਗੰਦਗੀ ਇਕ ਬੜੀ ਚੰਗੀ ਮਿਸਾਲ ਹੈ ਇਥੇ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦੀ ਪਤਾ ਨਹੀਂ ਕਦੋ ਨੌਬਤ ਆਵੇਗੀ ,ਪਟਿਆਲਾ ਸ਼ਹਿਰ ਚ ਪਿਛਲੇ ਦੋ ਦਿਨਾ ਤੋਂ ਪੈ ਰਹੀ ਕੁੱਝ ਘੰਟੇ ਦੀ ਬਾਰਸ਼ ਨੇ ਪਟਿਆਲਾ ਸ਼ਹਿਰ ਦੇ ਨਾਲੋਂ-ਨਾਲ ਹਸਪਤਾਲਾਂ ਨੂੰ ਵੀ ਪਾਣੀ-ਪਾਣੀ ਕਰਕੇ ਰੱਖ ਦਿੱਤਾ ਹੈ। ਜਿਸ ਕਰਕੇ ਹਸਪਤਾਲ ਚ ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਮਾਰ ਵਿਅਕਤੀ ਨੂੰ ਹੋਰ ਘਾਤਕ ਰੋਗ ਲੱਗਣ ਦਾ ਵੀ ਡਰ ਰਹਿੰਦਾ ਹੈ। ਹਸਪਤਾਲ ਚ ਖੜਨ ਵਾਲੇ ਇਸ ਪਾਣੀ ਤੋਂ ਕਈ ਤਰਾਂ ਦੇ ਮੱਛਰ ਪੈਦਾ ਹੁੰਦੇ ਹਨ ਜੋ ਲੋਕਾਂ ਦੀ ਸਿਹਤ ਤੇ ਸਿੱਧਾ ਹਮਲਾ ਕਰਦੇ ਹਨ। ਇਸ ਦੇ ਨਾਲ ਹੀ ਹਸਪਤਾਲ ਚ ਫੈਲ ਰਹੀ ਗੰਦਗੀ ਅਤੇ ਮੁੱਢਲੀ ਸਹਾਇਤਾ ਦੇ ਪ੍ਰਬੰਧਾਂ ਦੇ ਪੁਰਾ ਨ ਹੋਣ ਸਬੰਧੀ ਵੀ ਧਿਆਨ ਦੇਣ ਯੋਗ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਤੇ ਆਈ.ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਣਾ ਰਾਜਿੰਦਰਾ ਹਸਪਤਾਲ ਪਟਿਆਲਾ ਦਾ ਦੌਰਾਨ ਕਰਦੇ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਪਟਿਆਲਾ ਸ਼ਹਿਰ ਦੇ ਹਸਪਤਾਲਾਂ ਦਾ ਸੁਧਾਰ ਪਹਿਲ ਦੇ ਆਧਾਰ ਤੇ ਕਰਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਚ ਹੋਰਨਾਂ ਹਸਪਤਾਲਾਂ ਦੀ ਦੌਰਾਨ ਕਰਕੇ ਵੀ ਉੱਥੇ ਲੋੜੀਂਦਾ ਕਾਰਜ ਕਰਵਾਏ ਜਾਣ।