ਫਤਹਿਗੜ੍ਹ ਸਾਹਿਬ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ. ਸ਼ਿਵ ਦੁਲਾਰ ਸਿੰਘ ਢਿੱਲੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਦੇ ਹੋਏ।
ਫਤਹਿਗੜ੍ਹ ਸਾਹਿਬ, 17 ਜੁਲਾਈ: ਸ੍ਰ: ਸ਼ਿਵ ਦੁਲਾਰ ਸਿੰਘ ਢਿੱਲੋਂ ਆਈ ਏ ਐਸ ਨੇ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸ੍ਰ: ਸ਼ਿਵ ਦੁਲਾਰ ਸਿੰਘ ਢਿੱਲੋਂ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸ੍ਰ: ਢਿੱਲੋਂ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ। ਇਸ ਉਪਰੰਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਹਨਾਂ ਨੂੰ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਸ੍ਰ: ਢਿੱਲੋਂ ਇਸ ਤੋਂ ਪਹਿਲਾਂ ਸੈਰ ਸਪਾਟਾ, ਸਭਿਆਚਾਰਕ ਮਾਮਲੇ ,ਮਿਊਜੀਅਮ, ਆਰਕਾਲੋਜੀ, ਆਰਕਾਈਵਜ ਵਿਭਾਗ ਦੇ ਵਿਸ਼ੇਸ਼ ਸਕੱਤਰ –ਕਮ-ਡਾਇਰੈਕਟਰ ਅਤੇ ਐਮ ਡੀ ਪੰਜਾਬ ਟੂਰਿਜਮ ਡੀਵੈਲਪਮੈਂਟ ਕਾਰਪੋਰੇਸ਼ਨ ਅਤੇ ਜਨਰਲ ਮੈਨੇਜਰ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਫਾਉਂਡੇਸ਼ਨ ਅਤੇ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਦੇ ਸੀ ਈ ਓ ਦੇ ਅਹੁਦੇ ਤੇ ਤਾਇਨਾਤ ਸਨ।
ਇਸ ਮੌਕੇ ਸ੍ਰ: ਢਿੱਲੋਂ ਨੇ ਜ਼ਿਲ੍ਹਾ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਉਹਨਾਂ ਵਾਸਤੇ ਬਹੁਤ ਹੀ ਸੁਭਾਗ ਦੀ ਗੱਲ ਹੈ ਕਿ ਉਹਨਾਂ ਨੂੰ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਹਨਾਂ ਜਿਲ੍ਹੇ ਦੀ ਨਵੀਂ ਸਮੁੱਚੀ ਪ੍ਰਸ਼ਾਸਨਿਕ ਟੀਮ ਵੱਲੋਂ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਪਹਿਲੀ ਤਰਜੀਹ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੁਆਰਾ ਉਲੀਕੀਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰ ਤੱਕ ਪਹੁੰਚਾਉਣ ਲਈ ਜਿੰਮੇਵਾਰ ਬਣਾਇਆ ਜਾਵੇਗਾ। ਉਹਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਮ ਲੋਕਾਂ ਦੇ ਰੋਜਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਉਹਨਾਂ ਵੱਖ ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਇਹ ਵੀ ਤਾੜਨਾ ਕੀਤੀ ਕਿ ਲੋਕਾਂ ਨੂੰ ਨਿਸ਼ਚਤ ਸਮੇਂ ਵਿੱਚ ਸਾਰੀਆਂ ਸੇਵਾਵਾਂ ਮੁਹਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਉਹਨਾਂ ਆਖਿਆ ਕਿ ਜਿਲ੍ਹੇ ਵਿੱਚ ਚਲ ਰਹੇ ਸਮੁੱਚੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਵਿੱਚ ਕਿਸੇ ਵੀ ਤਰਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰ: ਢਿੱਲੋਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਦਫਤਰਾਂ ਵਿੱਚ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆਇਆ ਤਾਂ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰ: ਜਸਪ੍ਰੀਤ ਸਿੰਘ ਆਈ ਏ ਐਸ ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਆਨੰਦ ਸਾਗਰ ਸ਼ਰਮਾ ਪੀ ਸੀ ਐਸ ਨੇ ਬਤੌਰ ਐਸ ਡੀ ਐਮ ਅਮਲੋਹ, ਸ੍ਰ: ਜਗਦੀਸ਼ ਸਿੰਘ ਜੌਹਲ ਪੀ ਸੀ ਐਸ ਨੇ ਐਸ ਡੀ ਐਮ ਬਸੀ ਪਠਾਣਾ, ਸ੍ਰ: ਪਰਮਜੀਤ ਸਿੰਘ ਪੀ ਸੀ ਐਸ ਨੇ ਐਸ ਡੀ ਐਮ ਖਮਾਣੋ ਅਤੇ ਸ੍ਰ: ਚਰਨਜੀਤ ਸਿੰਘ ਪੀ ਸੀ ਐਸ ਨੇ ਸਹਾਇਕ ਕਮਿਸ਼ਨਰ ਜਨਰਲ ਅਤੇ ਸ਼ਿਕਾਇਤਾਂ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਜਗਵਿੰਦਰਜੀਤ ਸਿੰਘ ਸੰਧੂ , ਐਸ ਪੀ ਜਾਂਚ ਸ. ਹਰਪਾਲ ਸਿੰਘ, ਜਿਲ੍ਹਾ ਮਾਲ ਅਫਸਰ ਸ. ਕਿਰਨਜੀਤ ਸਿੰਘ ਟਿਵਾਣਾ ਤੋ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।