ਫ਼ਤਹਿਗੜ੍ਹ ਸਾਹਿਬ, 16 ਜੁਲਾਈ 2018 - ਪੰਜਾਬ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਵੱਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨਜ਼ਦੀਕ ਪੌਣੇ ਪੰਜ ਏਕੜ ਰਕਬੇ ਵਿੱਚ ਉਸਾਰੇ ਜਾ ਰਹੇ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੀ ਉਸਾਰੀ ਦਾ ਕੰਮ, ਜੋ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ 22 ਜੁਲਾਈ 2016 ਨੂੰ ਸ਼ੁਰੂ ਹੋਇਆ ਸੀ, ਪ੍ਰੰਤੂ ਪਿਛਲੀ ਸਰਕਾਰ ਵੱਲੋਂ ਪੂਰੇ ਫੰਡ ਮੁਹੱਈਆ ਨਾ ਕਰਵਾਉਣ ਕਰਕੇ ਇਸ ਦੀ ਉਸਾਰੀ ਦਾ ਕੰਮ ਅਧੂਰਾ ਹੀ ਪਿਆ ਸੀ। ਕੁਝ ਦਿਨ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਹ ਮਸਲਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੇ ਧਿਆਨ ਵਿੱਚ ਲਿਆਂਦਾ। ਜਿਨ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਹ ਮਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਪੰਜਾਬ ਨੇ ਤੁਰੰਤ ਸਰਬੰਸਦਾਨੀ ਦਸਮਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਲੌਕਿਕ ਸ਼ਹਾਦਤ ਨੂੰ ਸਮਰਪਿਤ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਬਲਿਦਾਨ ਨਾਲ ਜੁੜੀਆਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਸ ਯਾਦਗਾਰੀ ਪਾਰਕ ਦੀ ਉਸਾਰੀ ਨੂੰ ਮੁਕੰਮਲ ਕਰਨ ਲਈ ਕਰੀਬ ਤਿੰਨ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਆਦੇਸ਼ ਦਿੱਤੇ।
ਵਿਧਾਇਕ ਨਾਗਰਾ ਨੇ ਫ਼ਤਹਿਗੜ੍ਹ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦਾ ਜਦੋਂ ਵੀ ਵਿਕਾਸ ਹੋਇਆ ਹੈ, ਉਹ ਕਾਂਗਰਸ ਦੀ ਸਰਕਾਰ ਸਮੇਂ ਹੀ ਹੋਇਆ ਹੈ। ਇਥੇ ਵਰਨਣਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਵੀ ਕਾਂਗਰਸ ਸਰਕਾਰ ਵੱਲੋਂ ਹੀ ਦਿੱਤਾ ਗਿਆ ਜਦੋਂ ਕਿ ਚਾਰ ਯਾਦਗਾਰੀ ਗੇਟਾਂ ਦੀ ਉਸਾਰੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਮੇਂ ਹੀ ਹੋਈ ਅਤੇ ਹੁਣ ਵੀ ਇਸ ਪਵਿੱਤਰ ਧਰਤੀ ਨਾਲ ਜੁੜੀਆਂ ਹੋਈਆਂ ਵੱਖ-ਵੱਖ ਇਤਿਹਾਸਕ ਯਾਦਗਾਰਾਂ ਦੀ ਮੁੜ ਪੁਰਾਤਨ ਦਿੱਖ ਬਹਾਲ ਕਰਨ ਦਾ ਬੀੜਾ ਵੀ ਕੈਪਟਨ ਸਰਕਾਰ ਵੱਲੋਂ ਹੀ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਪਾਰਕ ਦੀ ਉਸਾਰੀ ਦਾ ਕੰਮ ਕੁਝ ਮਹੀਨਿਆਂ ਵਿੱਚ ਹੀ ਮੁਕੰਮਲ ਹੋ ਜਾਵੇਗਾ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਦਗਾਰੀ ਪਾਰਕ ਦੇ ਕੇਂਦਰ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੱਗ ਅਤੇ ਗਲਾਸ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਤੀਰਥ ਯਾਤਰੀਆਂ ਦੇ ਬੈਠਣ ਲਈ ਸ਼ੈਲਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਯਾਤਰੀਆਂ ਲਈ ਅਧੁਨਿਕ ਸਹੂਲਤਾਂ ਵਾਲੇ ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ ਅਤੇ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨਾਂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਠੰਡੇ ਬੁਰਜ ਤੋਂ ਪਾਰਕ ਤੱਕ ਪਾਉੜੀਆਂ ਬਣਾਈਆਂ ਗਈਆਂ ਹਨ ਅਤੇ ਅੰਗਹੀਣਾ ਤੇ ਬਜੁਰਗਾਂ ਲਈ ਰੈਂਪ ਵੀ ਬਣਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਪਾਰਕ ਵਿੱਚ ਘਾਹ ਲਗਾਉਣ ਦੇ ਨਾਲ-ਨਾਲ ਵੱਡੇ ਕੱਦ ਵਾਲੇ ਛਾਂਦਾਰ, ਸਜਾਵਟੀ ਅਤੇ ਫੁੱਲਾਂ ਵਾਲੇ 600 ਦਰਖ਼ਤ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਗੁਲਮੋਹਰ, ਅਮਲਤਾਸ, ਮੋਲਸਰੀ ਵਰਗੇ ਨਾਯਾਬ ਬੂਟੇ ਲਗਾਏ ਜਾ ਰਹੇ ਹਨ।