ਬਠਿੰਡਾ, 11 ਜੁਲਾਈ - ਵਧੀਕ ਜ਼ਿਲਾ ਮੈਜਿਸਟਰੇਟ, ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਾਰੀ ਕੀਤੇ ਗਏ ਹੁਕਮ ਵਿੱਚ ਉਨਾਂ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ 'ਤੇ ਨਕਲੀ ਅਤੇ ਅਣ-ਅਧਿਕਾਰਤ ਸੀਮਨ ਵਿਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਪ੍ਰਕਾਰ ਅਣ-ਅਧਿਕਾਰਤ ਤੌਰ 'ਤੇ ਵੇਚੇ ਜਾਂ ਖਰੀਦੇ ਜਾ ਰਹੇ ਸੀਮਨ ਦੀ ਵਰਤੋਂ ਕਰਨਾ ਸੂਬੇ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿਤ ਨਹੀਂ ਹੈ, ਕਿਉਂਕਿ ਅਜਿਹਾ ਕਰਨ ਨਾਲ ਰਾਜ ਦੇ ਪਸ਼ੂ ਧਨ ਦੀ ਨਸਲ ਖਰਾਬ ਹੋਣ ਦਾ ਖਦਸਾ ਹੈ। ਉਨਾਂ ਕਿਹਾ ਕਿ ਅਜਿਹੇ ਸੀਮਨ ਤੋਂ ਪੈਦਾ ਹੋਈ ਨਸਲ ਬਾਰੇ ਕੁਝ ਪਤਾ ਨਹੀਂ ਹੁੰਦਾ ਇਸ ਨਾਲ ਪਸ਼ੂ ਧਨ ਦੀ ਉਤਪਾਦਤਾ 'ਤੇ ਮਾੜਾ ਅਸਰ ਪੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਦਾ ਅਸਰ ਤੁਰੰਤ ਪਤਾ ਨਹੀਂ ਲੱਗ ਸਕਦਾ ਬਲਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਦਿਖੇਗਾ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਵਿਭਾਗ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਪਸ਼ੂਆਂ ਦੀ ਨਸਲ ਸੁਧਾਈ ਲਈ ਕੀਤੇ ਜਾਣ ਵਾਲੇ ਸਮੁੱਚੇ ਉਪਰਾਲੇ ਬੇਕਾਰ ਹੋ ਜਾਣਗੇ। ਉਨਾਂ ਕਿਹਾ ਕਿ ਇਹ ਪਾਬੰਦੀ ਕੁਝ ਅਦਾਰਿਆਂ 'ਤੇ ਲਾਗੂ ਨਹੀਂ ਹੁੰਦੀ ਜਿਵੇਂ ਕਿ ਪੰਜਾਬ ਦੀਆਂ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ, ਡਿਸਪੈਂਸਰੀਆਂ ਅਤੇ ਪੋਲੀਕਲੀਨਿਕ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਚਲਾਏ ਜਾ ਰਹੇ ਰੂਰਲ ਵੈਟਰਨਰੀ ਹਸਪਤਾਲ ਜਿਹੜੇ ਪਸ਼ੂ ਪਾਲਣ ਵਿਭਾਗ ਵੱਲੋਂ ਸਪਲਾਈ ਕੀਤਾ ਵੀਰਜ ਵਰਤ ਰਹੇ ਹਨ ਉਨਾਂ 'ਤੇ ਵੀ ਇਹ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਕੋਈ ਵੀ ਮਨਸੂਈ ਗਰਭਦਾਨ ਕੇਂਦਰ ਜਿੱਥੇ ਇੰਪੋਰਟ ਕੀਤਾ ਗਿਆ ਵੀਰਜ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੁਆਰਾ ਆਪਣੇ ਪਸ਼ੂਆਂ ਦੀ ਵਰਤੋਂ ਲਈ ਵੀਰਜ ਇਸਤੇਮਾਲ ਕਰਨ ਵਾਲਿਆਂ ਤੇ ਵੀ ਇਹ ਲਾਗੂ ਨਹੀਂ ਹੁੰਦਾ।
ਇਸੇ ਤਰਾ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਕਿ ਗੋਲਾ ਬਾਰੂਦ ਡਿਪੂ ਮਿਲਟਰੀ ਏਰੀਆ ਬਠਿੰਡਾ ਦੇ 1200 ਗਜ਼ ਦੀ ਹਦੂਦ ਅੰਦਰ ਕਿਸੇ ਤਰਾਂ ਦੀ ਮਕਾਨਾਂ ਦੀ ਉਸਾਰੀ ਕਰਨ 'ਤੇ ਰੋਕ ਲਗਾਈ ਹੈ। ਹੁਕਮ ਵਿੱਚ ਕਿਹਾ ਗਿਆ ਕਿ ਇਹ ਪਾਬੰਦੀ ਵਰਕ ਆਫ ਡੀਫੈਂਸ ਐਕਟ 1903 ਅਤੇ ਹੋਰ ਹਦਾਇਤਾਂ ਵਿੱਚ ਦਿੱਤੀਆਂ ਗਈਆਂ ਸ਼ਰਤਾਂ ਅਤੇ ਪ੍ਰਾਵਧਾਨਾ ਦੇ ਹਿਸਾਬ ਨਾਲ ਲਾਗੂ ਹੋਵੇਗੀ।
ਅਗਲੇ ਹੁਕਮਾਂ ਵਿੱਚ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ/ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ 'ਤੇ ਪਟਾਕੇ/ਆਤਿਸ਼ਬਾਜ਼ੀ ਚਲਾਉਣ 'ਤੇ ਆਰਮ ਫਾਇਰ ਦੀ ਵਰਤੋਂ ਅਤੇ ਲਾਇਸੈਂਸੀ/ਗੈਰ ਲਾਇਸੈਂਸੀ ਅਸਲਾ ਅਤੇ ਹੋਰ ਮਾਨਵ ਜੀਵਨ ਲਈ ਘਾਤਕ ਹਰੇਕ ਤਰਾਂ ਦੇ ਹਥਿਆਰ ਨਾਲ ਲੈ ਕੇ ਜਾਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਗਈ ਹੈ।
ਇਸੇ ਤਰਾ ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਕਿ ਜ਼ਿਲੇ ਵਿੱਚ ਮੈਰਿਜ ਪੈਲੇਸਾਂ ਵਿਚ ਦੇਰ ਰਾਤ ਤੱਕ ਕੈਸਟਾਂ ਅਤੇ ਹੋਰ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ ਸਦਕਾ ਅਤੇ ਆਰਕੈਸਟਰਾ, ਬੈਂਡ, ਡੀ. ਜੇ ਅਤੇ ਧਾਰਮਿਕ ਥਾਵਾਂ 'ਤੇ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਰਾਤ 10:00 ਵਜੇ ਤੋਂ ਸਵੇਰੇ 06:00 ਵਜੇ ਤੱਕ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ।
ਉਨਾਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ ਕਰਕਟ ਨੂੰ ਉਸ ਦੀ ਸਹੀ ਥਾਂ 'ਤੇ ਸੁਟਵਾਉਣ ਦੀ ਹਦਾਇਤ ਕੀਤੀ ਗਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਬੀੜੀ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਖੇ ਆਦਿ ਖਾ ਕੇ ਟੁਆਇਲਟ ਤੋਂ ਬਿਨਾਂ ਕਿਤੇ ਹੋਰ ਨਾ ਥੁੱਕਿਆ ਜਾਵੇ।
ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤਾ ਹੈ ਕਿ ਬਠਿੰਡਾ ਜ਼ਿਲੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਅਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਫੁਰਸਿਤ ਅਤੇ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।
ਅਗਲੇ ਹੁਕਮਾਂ ਵਿੱਚ ਉਨਾਂ ਕਿਹਾ ਜ਼ਿਲੇ ਅੰਦਰ ਕਾਰਖਾਨੇਦਾਰਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ 'ਤੇ ਰੱਖੇ ਜਾਣ ਤੋਂ ਪਹਿਲਾਂ ਉਨਾਂ ਦੀ ਸੂਚਨਾ, ਨਾਮ ਅਤੇ ਪਤੇ ਟਿਕਾਣੇ ਨੇੜੇ ਦੇ ਪੁਲਿਸ ਥਾਣੇ ਵਿਚ ਦੇਣ। ਇਸੇ ਤਰਾਂ ਹੋਟਲਾਂ/ਰੈਸਟੋਰੈਂਟਾਂ/ਧਰਮਸ਼ਾਲਾਵਾਂ ਦੇ ਮਾਲਕਾਂ/ਮੈਨੇਜਰਾਂ ਲਈ ਉਥੇ ਠਹਿਰਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਸਬੰਧੀ ਕੋਈ ਸਬੂਤ ਲੈਣਾ ਅਤੇ ਉਸ ਸਬੂਤ ਬਾਰੇ ਐਂਟਰੀ ਰਜਿਸਟਰ ਵਿਚ ਇੰਦਰਾਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਕ ਹੋਰ ਜਾਰੀ ਕੀਤੇ ਹੁਕਮਾਂ ਵਿੱਚ ਜ਼ਿਲੇ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਦੋ ਪਹੀਆਂ ਵਾਹਨ ਚਲਾਉਣ ਸਮੇਂ ਮੂੰਹ 'ਤੇ ਕੱਪੜਾ ਬੰਨ ਕੇ/ਮੂੰਹ ਢੱਕ ਕੇ ਮੋਟਰਸਾਇਕਲ/ਸਕੂਟਰ/ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਗਈ ਹੈ।
ਉਨਾਂ ਅਗਲੇ ਹੁਕਮਾਂ ਵਿੱਚ ਕਿਹਾ ਕਿ ਜ਼ਿਲੇ ਦੀ ਹਦੂਦ ਅੰਦਰ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੱਸ ਅੰਦਰ ਸਫ਼ਰ ਦੌਰਾਨ ਅਸ਼ਲੀਲ ਗਾਣੇ ਵਜਾਉਣ 'ਤੇ ਰੋਕ ਲਗਾਈ ਗਈ ਹੈ।
ਇੱਕ ਹੋਰ ਹੁਕਮ ਰਾਹੀਂ ਜ਼ਿਲੇ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿਚ ਲਿਖਤੀ ਪ੍ਰਵਾਨਗੀ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਜਨ ਸਿਹਤ ਮੰਡਲ, ਬਠਿੰਡਾ ਜਾਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁਟੇਗਾ/ਪੁਟਾਏਗਾ।
ਇਸੇ ਤਰਾਂ ਉਨਾਂ ਇਕ ਹੋਰ ਹੁਕਮਾਂ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 21/5/13-4816/405 ਮਿਤੀ 13.3.2013 ਪੱਤਰ ਨੰਬਰ 5/57/2014-3ਗ 4/391068/1 ਮਿਤੀ 14.1.2015 ਅਤੇ ਪੱਤਰ ਨੰਬਰ 5/42/15-3 ਗ 4/567236/1 ਮਿਤੀ 19.8.2015 ਦੀ ਲਗਾਤਾਰਤਾ ਵਿਚ ਜ਼ਿਲਾ ਪੱਧਰ 'ਤੇ ਚਾਈਨਾ ਡੋਰ ਸਟੋਰ ਕਰਨਾ, ਵੇਚਣਾ ਅਤੇ ਖਰੀਦਣ 'ਤੇ 6 ਮਹੀਨੇ ਦੀ ਪਾਬੰਦੀ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਭਰ ਵਿਚ ਚਾਈਨਾ ਡੋਰ ਵੇਚਣ/ਸਟੋਰ ਕਰਨ/ਵਰਤੋਂ ਕਰਨ/ ਖਰੀਦਣ 'ਤੇ ਪਾਬੰਦੀ ਲਗਾਈ ਗਈ ਹੈ।
ਜਾਰੀ ਕੀਤੇ ਗਏ ਹੁਕਮ ਵਿੱਚ ਉਨਾਂ ਕਿਹਾ ਕਿ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੁਝ ਲੋਕ ਪਾਣੀ ਦੀਆਂ ਟੈਂਕੀਆਂ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ ਚੜ ਜਾਂਦੇ ਹਨ ਜਿਸ ਨਾਲ ਉਹ ਆਪਣੇ ਆਪ ਨੂੰ ਜਾਂ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਤੋ ਇਲਾਵਾ ਕਿਸੇ ਸ਼ਰਾਰਤੀ ਅਨਸਰ ਵਲੋਂ ਟੈਂਕੀਆਂ ਚੜਕੇ ਪੀਣ ਵਾਲੇ ਪਾਣੀ ਵਿਚ ਕੋਈ ਜਹਿਰੀਲੀ/ਖਤਰਨਾਕ ਵਸਤੂ ਸੁੱਟਕੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਪਾਣੀਆਂ ਦੀਆਂ ਟੈਂਕੀਆਂ 'ਤੇ ਚੜਕੇ ਜਾਂ ਅਜਿਹੀਆਂ ਉਚੀਆਂ ਥਾਵਾਂ 'ਤੇ ਚੜਕੇ ਲੁਕ ਕੇ ਭੰਨ ਤੋੜ ਕੀਤੀ ਜਾ ਸਕਦੀ ਹੈ। ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ 'ਤੇ ਚੜਣ ਜਾਂ ਅਜਿਹੀਆਂ ਉਚੀਆਂ ਥਾਵਾਂ 'ਤੇ ਪਾਬੰਦੀ ਲਾਈ ਜਾਂਦੀ ਹੈ। ਇਹ ਸਾਰੇ ਹੁਕਮ 1 ਸਤੰਬਰ 2018 ਤੱਕ ਲਾਗੂ ਰਹਿਣਗੇ।