ਐਸ.ਜੀ.ਬੀ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਵੀਰ ਕੌਰ ਬਾਲ ਘਰ ਦੇ ਬੱਚਿਆਂ ਤੋਂ ਵਿਦਾਇਗੀ ਲੈਣ ਸਮੇਂ
ਧਾਮ ਤਲਵੰਡੀ 24 ਜੂਨ (ਦੀਦਾਰ ਗੁਰਨਾ )ਸਮਾਜ 'ਚ ਮਾੜੀ ਸੋਚ ਦੇ ਪਰਿਵਾਰਾਂ ਵੱਲੋਂ ਲਗਾਤਾਰਤਾ ਨਾਲ ਆਪਣੇ ਤੋਂ ਵੱਖ ਕਰਕੇ ਲਾਵਾਰਸ ਸੁੱਟੀਆਂ ਜਾ ਰਹੀਆਂ ਲੜਕੀਆਂ ਅਤੇ ਹੋਰ ਛੋਟੇ ਮਾਸੂਮ ਲੜਕਿਆਂ ਦੇ ਉੱਚਿਤ ਪਾਲਣ ਪੋਸ਼ਣ ਨੂੰ ਸਮਰਪਿਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਦੇ ਪ੍ਰਧਾਨ ਬੀਬੀ ਜਸਵੀਰ ਕੌਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਲਈ ਰਵਾਨਾ ਹੋਏ ਹਨ। ਬਾਲ ਘਰ ਦੇ ਬੱਚਿਆਂ ਅਤੇ ਸਨੇਹੀਆਂ ਤੋਂ ਵਿਦਾਇਗੀ ਲੈਣ ਸਮੇਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਆਪਣੀਆਂ ਗਤੀਵਿਧੀਆਂ ਕਾਰਨ ਐਸ.ਜੀ.ਬੀ ਫਾਊਂਡੇਸ਼ਨ ਵਿਦੇਸੀ ਲੋਕਾਂ ਦੇ ਸੰਪਰਕ 'ਚ ਹੈ ਜੋ ਕਿ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਅੱਜ ਉਨ੍ਹਾਂ ਦੇ ਸੱਦੇ 'ਤੇ ਹੀ ਵਿਦੇਸ ਜਾ ਰਹੀ ਹੈ। ਉਹ ਟੋਰਾਂਟੋਂ 'ਚ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਨਗੇ ਤਾਂ ਕਿ ਸੰਸਥਾ ਆਰਥਿਕ ਮੱਦਦ ਮਿਲਣ ਨਾਲ ਹੋਰ ਤਰੱਕੀ ਕਰ ਸਕੇ। ਦੂਜੇ ਪਾਸੇ ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਸੰਨ 2004 ਤੋਂ ਆਪਣੀ ਸਮੁੱਚੀ ਟੀਮ ਨਾਲ ਅਜਿਹੇ ਬੱਚਿਆਂ ਦੀ ਸਾਂਭ ਸੰਭਾਲ ਕਰਦੀ ਆ ਰਹੀ ਹੈ, ਜਿਨ੍ਹਾਂ 'ਚੋਂ ਸੈਂਕੜੇ ਬੱਚਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਪ੍ਰਕਿਰਿਆ ਦੁਆਰਾ ਲੋੜਵੰਦ ਪਰਿਵਾਰਾਂ 'ਚ ਗੋਦ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਫਾਊਂਡੇਸ਼ਨ ਸਕੱਤਰ ਕੁਲਦੀਪ ਸਿੰਘ ਮਾਨ, ਅਚਾਰੀਆ ਕ੍ਰਿਸ਼ਨ ਕੁਮਾਰ, ਜਥੇਦਾਰ ਅਵਤਾਰ ਸਿੰਘ, ਬਲਜਿੰਦਰ ਸਿੰਘ ਲਿੱਤਰ, ਅਰਬਿੰਦ ਕੁਮਾਰ ਸਿੰਘ, ਮਨਿੰਦਰ ਸਿੰਘ ਮਾਜਰੀ, ਮਨਪ੍ਰੀਤ ਕੌਰ, ਪ੍ਰਿੰਸੀਪਲ ਏਕਮਦੀਪ ਕੌਰ ਗਰੇਵਾਲ, ਕੇਵਲ ਸਿੰਘ ਬੜੂੰਦੀ, ਪ੍ਰਧਾਨ ਤੀਰਥ ਸਿੰਘ ਆਦਿ ਹਾਜਰ ਸਨ।