ਬਠਿੰਡਾ 23, ਜੂਨ 2018: ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਤਹਿਤ 26 ਜੂਨ ਨੂੰ ਨਸ਼ਿਆਂ ਦੀ ਵਰਤੋਂ ਅਤੇ ਗੈਰ-ਕਾਨੂੰਨੀ ਵਿਕਰੀ ਖਿਲਾਫ਼ ਅੰਤਰ-ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। 26 ਜੂਨ ਨੂੰ ਜ਼ਿਲਾ, ਸਬ-ਡਵੀਜ਼ਨ ਅਤੇ ਪਿੰਡ ਪੱਧਰ 'ਤੇ ਇਹ ਦਿਨ ਮਨਾਇਆ ਜਾਵੇਗਾ, ਜਿਸ ਦੌਰਾਨ ਵੱਖ-ਵੱਖ ਤਰੀਕੇ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਇਸ ਸਬੰਧੀ ਬੁਲਾਈ ਗਈ ਜ਼ਿਲਾ ਅਧਿਕਾਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਦੱਸਿਆ ਕਿ 26 ਜੂਨ ਨੂੰ ਸਵੇਰੇ 7:30 ਵਜੇ ਜ਼ਿਲੇ ਵਿੱਚ ਵੱਖ-ਵੱਖ ਥਾਂਵਾਂ 'ਤੇ ਨਸ਼ਿਆਂ ਖਿਲਾਫ਼ ਸਹੁੰ ਲੈਣ ਉਪਰੰਤ ਰੈਲੀ ਕੱਢੀ ਜਾਵੇਗੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਮਾਗਮ ਦੌਰਾਨ 5 ਅਗਾਂਹਵਧੂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਨਾਲ ਹੀ ਨਸ਼ੇ ਦੀ ਲਤ ਛੱਡ ਚੁੱਕੇ ਵਿਅਕਤੀਆਂ ਦੁਆਰਾ ਨਸ਼ਿਆਂ ਦੇ ਦਲ-ਦਲ ਵਿੱਚ ਫਸੇ ਲੋਕਾਂ ਨੂੰ ਇਹ ਕੋਹੜ ਛੱਡਣ ਲਈ ਪ੍ਰੇਰਿਆ ਜਾਵੇਗਾ।
ਸ਼੍ਰੀ ਲਾਕਰਾ ਨੇ ਕਿਹਾ ਕਿ ਨਸ਼ਾ ਨਿਗਰਾਨ ਰੋਕੂ ਕਮੇਟੀਆਂ ਦੇ ਨੁਮਾਇੰਦੇ, ਡੇਪੋ ਵਲੰਟੀਅਰ, ਖੁਸ਼ਹਾਲੀ ਦੇ ਰਾਖੇ ਅਤੇ ਗੈਰ-ਸਰਕਾਰੀ ਅਤੇ ਸਵੈ-ਸੇਵੀ ਸੰਸਥਾਂਵਾਂ ਦੀ ਇਸ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਹੋਵੇਗੀ। ਉਨਾਂ ਕਿਹਾ ਕਿ ਇਹ ਦਿਨ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਿਹਤਮੰਦ ਜੀਵਣ ਲਈ ਜਾਗਰੂਕ ਕਰਨਾ ਹੈ। ਇਹ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਕੈਂਪ, ਨੁੱਕੜ-ਨਾਟਕ, ਰੈਲੀਆਂ, ਸੈਮੀਨਾਰ ਆਦਿ ਦਾ ਆਯੋਜਨ ਕੀਤਾ ਜਾਵੇਗਾ। ਬਠਿੰਡਾ ਵਿਖੇ ਇਹ ਸਮਾਗਮ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਰਾਮਪੁਰਾ ਵਿਖੇ ਸ਼ਾਂਤੀ ਹਾਲ ਫੂਲ ਰੋਡ ਵਿਖੇ, ਤਲਵੰਡੀ ਸਾਬੋ ਵਿਖੇ ਕਮਿਊਨਿਟੀ ਹਾਲ ਨਗਰ ਪੰਚਾਇਤ ਵਿਖੇ ਅਤੇ ਮੌੜ ਮੰਡੀ ਵਿੱਚ ਸਦਭਾਵਨਾ ਹਾਲ ਵਿਖੇ ਕਰਵਾਇਆ ਜਾਵੇਗਾ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ, ਸਹਾਇਕ ਕਮਿਸ਼ਨਰ ਸ਼੍ਰੀ ਬੱਬਨਦੀਪ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਿੰਦਰ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ, ਜ਼ਿਲਾ ਪੰਚਾਇਤ ਵਿਕਾਸ ਅਫ਼ਸਰ ਸ਼੍ਰੀ ਰਜਿੰਦਰ ਸਿੰਘ ਜੱਸਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ, ਬੀ.ਡੀ.ਪੀ.ਓਜ਼. ਅਤੇ ਹੋਰ ਅਫ਼ਸਰ ਵੀ ਹਾਜ਼ਰ ਸਨ।