ਵਾਰਡ ਨੰ: 2 ਭਗਤ ਕਲੌਨੀ ਬ੍ਰਾਹਮਣ ਮਾਜਰਾ ਵਿਖੇ ਪਖਾਨੇ ਬਣਾਉਣ ਦੇ ਕੰਮ ਦੀ ਸ਼ੁਰੁਆਤ ਕਰਵਾਉਂਦੇ ਹੋਏ ਬੀਬੀ ਮਨਦੀਪ ਕੌਰ ਨਾਗਰਾ ਨਾਲ ਵਾਰਡ ਦੇ ਕੌਂਸਲਰ ਜਗਜੀਤ ਸਿੰਘ ਕੋਕੀ।
ਫ਼ਤਹਿਗੜ੍ਹ ਸਾਹਿਬ, 21 ਜੂਨ (ਦੀਦਾਰ ਗੁਰਨਾ ) ਸਵੱਛਤਾ ਸਭ ਤੋਂ ਵੱਡੀ ਨਿਆਮਤ ਹੈ ਅਤੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ| ਪੰਜਾਬ ਸਰਕਾਰ ਨੇ ਰਾਜ ਦੇ ਗਰੀਬ ਤੇ ਸਲੱਮ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਵੱਡੀ ਪੱਧਰ ਤੇ ਜਨਤਕ ਪਖਾਨੇ ਬਣਾਉਣ ਦਾ ਫੈਸਲਾ ਲਿਆ ਹੈ ਤਾਂ ਜੋ ਗਰੀਬ ਤੇ ਸਲੱਮ ਬਸਤੀਆਂ ਵਿੱਚ ਰਹਿਣ ਵਾਲੇ ਲੋਕ ਬਾਹਰ ਪਖਾਨੇ ਨਾ ਜਾਣ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਕੁਲਜੀਤ ਸਿੰਘ ਨਾਗਰਾ ਦੀ ਸੁਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਵਾਰਡ ਨੰ: 2 ਭਗਤ ਕਲੌਨੀ ਬ੍ਰਾਹਮਣ ਮਾਜਰਾ, ਸਰਹਿੰਦ ਵਿਖੇ ਐਮ.ਪੀ. ਫੰਡ ਨਾਲ 8 ਲੱਖ ਦੀ ਲਾਗਤ ਨਾਲ ਨਵੇਂ ਪਖਾਨੇ ਬਣਾਉਣ ਦੇ ਕੰਮ ਦੀ ਸ਼ੁਰੁਆਤ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਸਵੱਛ ਗ੍ਰਾਮੀਣ ਮਿਸ਼ਨ ਅਧੀਨ ਜ਼ਿਲ੍ਹੇ ਦੇ ਪਿੰਡ ਪਹਿਲਾਂ ਹੀ ਓ.ਡੀ.ਐਫ. ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਹੁਣ ਸ਼ਹਿਰਾਂ ਨੂੰ ਓ.ਡੀ.ਐਫ. ਕਰਨ ਲਈ ਸਰਕਾਰ ਨੇ ਸ਼ਹਿਰਾਂ ਵਿੱਚ ਜਿਥੇ ਇੱਕ ਥਾਂ ਤੇ ਕਈ ਪਖਾਨੇ ਬਣਾਉਣ ਦਾ ਫੈਸਲਾ ਕੀਤਾ ਹੈ ਉਥੇ ਹੀ ਸਲੱਮ ਬਸਤੀਆਂ ਲਈ ਚਲਦੇ ਫਿਰਦੇ ਪਖਾਨੇ ਵੀ ਬਣਾਏ ਜਾਣਗੇ ਤਾਂ ਜੋ ਸ਼ਹਿਰ ਦਾ ਕੋਈ ਵੀ ਵਿਅਕਤੀ ਖੁਲ੍ਹੇ ਵਿੱਚ ਪਖਾਨੇ ਨਾ ਜਾਵੇ|
ਬੀਬੀ ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੀ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਲਾਗੂ ਹੋਣ ਨਾਲ ਗਰੀਬ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਹੋਣਗੀਆਂ| ਉਨ੍ਹਾਂ ਕਿਹਾ ਕਿ ਖੁਲ੍ਹੇ ਵਿੱਚ ਪਖਾਨੇ ਜਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ ਇਸ ਲਈ ਸਾਨੂੰ ਸਦੀਆਂ ਪੁਰਾਣੀ ਚੱਲੀ ਆ ਰਹੀ ਇਸ ਸੋਚ ਨੂੰ ਬਦਲਣਾ ਪਵੇਗਾ| ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਸ ਆਦਤ ਤੋਂ ਗੁਰੇਜ ਕਰਨ ਲਈ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸ਼ਹਿਰ ਵੀ ਪਿੰਡਾਂ ਵਾਂਗ ਸਾਫ ਸੁਥਰੇ ਬਣ ਸਕਣ|
ਇਸ ਮੌਕੇ ਵਾਰਡ ਦੇ ਕੌਂਸਲਰ ਜਗਜੀਤ ਸਿੰਘ ਕੋਕੀ ਨੇ ਕਿਹਾ ਕਿ ਇਹ ਪਖਾਨੇ ਬਣਨ ਨਾਲ ਵਾਰਡ ਦੇ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਖੁਲ੍ਹੇ ਵਿੱਚ ਹੀ ਜਾਣਾ ਪੈਂਦਾ ਸੀ ਜੋ ਕਿ ਔਰਤਾਂ ਲਈ ਕਾਫੀ ਸ਼ਰਮਾਨਾਕ ਸੀ| ਉਨ੍ਹਾਂ ਬੀਬੀ ਨਾਗਰਾ ਤੇ ਵਿਧਾਇਕ ਨਾਗਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰੇਕ ਵਰਗ ਦੇ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ|ਇਸ ਮੌਕੇ ਸੈਨਟਰੀ ਅਫ਼ਸਰ ਅਜੇ ਕੁਮਾਰ, ਐੱਸ.ਓ ਅਜੇ ਕੁਮਾਰ,ਪੰਜਾਬ ਕਾਂਗਰਸ ਦੇ ਸਕੱਤਰ ਸੁਭਾਸ਼ ਸੂਦ, ਬਲਾਕ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਗੁਲਸ਼ਨ ਰਾਏ ਬੋਬੀ, ਸਾਬਕਾ ਪ੍ਰਧਾਨ ਚਰਨਜੀਤ ਚੰਨਾ, ਅਸ਼ੋਕ ਸੂਦ,ਪਵਨ ਕਾਲੜਾ, ਨਰਿੰਦਰ ਕੁਮਾਰ ਪ੍ਰਿੰਸ ਸਾਰੇ ਕੌਂਸਲਰ,ਸਾਬਕਾ ਕੌਂਸਲਰ ਅਨੰਦ ਮੋਹਨ,ਰਾਜਵੀਰ ਸਿੰਘ ਰਾਜਾ,ਪ੍ਰਲੋਕੀ ਰਾਮ, ਬਲਦੇਵ ਕੁਮਾਰ,ਖੁਨਤੀ ਰਾਮ, ਗੁਰਦਾਸ ਰਾਮ,ਮੰਗਲ ਕੁਮਾਰ, ਦੀਪਕ ਧੀਮਾਨ, ਰਣਜੀਤ ਸਿੰਘ, ਦਰਸ਼ਨ ਕੁਮਾਰ ਆਦਿ ਵਾਰਡ ਵਾਸੀ ਹਾਜ਼ਰ ਸਨ।