ਅੰਤਰ-ਰਾਸ਼ਟਰੀ ਯੋੋਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵੱਲੋਂ ਦੇਸ਼ ਭਗਤ ਯੁਨੀਵਰਸਿਟੀ ਵਿਖੇ ਲਗਾਏ ਗਏ ਜਿਲ੍ਹਾ ਪੱਧਰੀ ਯੋਗ ਕੈਂਪ ਦੇ ਦ੍ਰਿਸ਼
ਫਤਹਿਗੜ੍ਹ ਸਾਹਿਬ, 21 ਜੂਨ:(ਦੀਦਾਰ ਗੁਰਨਾ ) ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ਦਾ ਯੋਗਾ ਕੈਂਪ ਦੇਸ਼ ਭਗਤ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ । ਇਸ ਕੈਂਪ ਵਿੱਚ ਜ਼ਿਲ੍ਹਾ ਭਰ ਤੋਂ ਖੇਡਾਂ ਨਾਲ ਜੁੜੇ ਹੋਏ ਖਿਡਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕੈਂਪ ਦੀ ਸ਼ੁਰੂਆਤ ਮੌਕੇ ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਪੂਨਮ ਵਸ਼ਿਸ਼ਟ ਨੇ ਕੈਂਪ ਵਿੱਚ ਸ਼ਾਮਲ ਯੋਗ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਾਨੂੰ ਵਿਰਾਸਤ ਵਿੱਚ ਰਿਸ਼ੀਆਂ ਮੁਨੀਆਂ ਤੋਂ ਹਾਸਲ ਹੋਇਆ ਹੈ ਜਿਸਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਾਣਤਾ ਹਾਸਲ ਹੋਈ ਹੈ। ਉਹਨਾਂ ਆਖਿਆ ਕਿ ਯੋਗ ਨੂੰ ਹਰ ਉਮਰ ਦਾ ਵਿਅਕਤੀ ਸਹਿਜੇ ਹੀ ਆਪਣੇ ਜੀਵਨ ਦਾ ਹਿੱਸਾ ਬਣਾ ਸਕਦਾ ਹੈ। ਉਹਨਾਂ ਕਿਹਾ ਕਿ ਯੋਗ ਲਈ ਰੋਜਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਨਾਅ ਭਰੀ ਜਿੰਦਗੀ ਵਿੱਚ ਪੂਰੀ ਤਰਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਯੋਗ ਨੂੰ ਅਪਣਾ ਕੇ ਦਵਾਈਆਂ ਤੇ ਵੱਡੀ ਮਾਤਰਾ ਵਿੱਚ ਹੋਣ ਵਾਲੇ ਖਰਚੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਯੋਗ ਵਿੱਚ ਲਗਾਇਆ ਗਿਆ ਸਮਾਂ ਸਾਡੇ ਸਮੁੱਚੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ।
ਜਿਲ੍ਹਾ ਆਯੁਰਵੈਦਿਕ ਅਫਸਰ ਨੇ ਕਿਹਾ ਕਿ ਯੋਗ ਨੂੰ ਅਪਨਾਉਣ ਵਿੱਚ ਕਿਸੇ ਤਰਾਂ ਦਾ ਕੋਈ ਖਰਚਾ ਨਹੀਂ ਆਉਂਦਾ। ਇਸ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਘਰ ਜਾਂ ਬਾਹਰ ਕਿਤੇ ਵੀ ਕਰ ਸਕਦਾ ਹੈ ਅਤੇ ਇਸਨੂੰ ਅਪਣਾ ਕੇ ਅਸੀਂ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਹਾਸਲ ਕਰ ਸਕਦੇ ਹਾਂ । ਉਹਨਾਂ ਆਖਿਆ ਕਿ ਯੋਗ ਕਿਸੇ ਤਜਰਬੇਕਾਰ ਯੋਗ ਮਾਹਿਰ ਤੋਂ ਸਿੱਖ ਕੇ ਹੀ ਕਰਨਾ ਚਾਹੀਦਾ ਹੈ ਤਾਂ ਜੋ ਯੋਗ ਆਸਨਾਂ ਤੋਂ ਪੂਰਾ ਫਾਇਦਾ ਹਾਸਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਡਾ: ਤਜਿੰਦਰ ਕੌਰ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਯੋਗ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ਤੇ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਖਸੀਅਤ ਨੂੰ ਨਿਖਾਰਣ ਲਈ ਰੋਜਾਨਾ ਯੋਗ ਕਰਨ ਨੂੰ ਤਰਜੀਹ ਦੇਣ । ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਤੰਦਰੁਸਤ ਹੋਵਾਂਗੇ ਤਾਂ ਹੀ ਤੰਦਰੁਸਤ ਸਮਾਜ ਅਤੇ ਦੇਸ਼ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ , ਤਹਿਸੀਲਦਾਰ ਨਵਦੀਪ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ਼ ਸਿੰਘ, ਜਿਲ੍ਹਾ ਖੇਡ ਅਫਸਰ ਹਰਪ੍ਰੀਤ ਸਿੰਘ, ਏ ਆਰ ਅਮਲੋਹ ਸ੍ਰ:ਬਲਬੀਰ ਸਿੰਘ, ਡਾ. ਦੀਵਾਨ ਧੀਰ, ਡਾ. ਰਾਜਨ ਕੌਸ਼ਲ , ਡਾ. ਜਸਵੰਤ ਸਿੰਘ , ਡਾ. ਕੁਲਵਿੰਦਰ ਸ਼ਰਮਾ, ਡਾ. ਹਰਿੰਦਰ ਪਾਲ ਸਿੰਘ, ਡਾ. ਉਮਾ ਬੇਦੀ, ਡਾ. ਮਨੀਲਾ ਅਤੇ ਡਾ. ਭਾਨੂਪ੍ਰਿਯਾ , ਵੈਦ ਸ਼ਿਵ ਕੁਮਾਰ ਜੀ ,ਸ੍ਰੀ ਜੀਵਨ ਕੁਮਾਰ ਜੀ ਇਸ ਯੋਗ ਕੈਂਪ ਦੀ ਸਫਲਤਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਜਿਲ੍ਹੇ ਦੀਆਂ ਹੋਰ ਸਬ-ਡਵੀਜਨਾਂ ਵਿੱਚ ਵੀ ਯੋਗ ਕੈਂਪ ਆਯੋਜਤ ਕੀਤੇ ਗਏ।