ਪਟਿਆਲਾ ਰੇਂਜ ਦੇ ਆਈ. ਜੀ. ਸ੍ਰੀ ਏ. ਐੱਸ. ਰਾਏ ਤੇ ਚੀਮਾ ਪਰਿਵਾਰ ਜੀ. ਟੀ. ਰੋਡ ਹਰਬੰਸਪੁਰਾ ਵਿਖੇ ਚੀਮਾ ਹਵੇਲੀ ਵਿਖੇ ਬੂਟਾ ਲਗਾਉਂਦੇ ਹੋਏ !
ਫ਼ਤਿਹਗੜ ਸਾਹਿਬ, 20 ਜੂਨ (ਦੀਦਾਰ ਗੁਰਨਾ )- ਨਵੇਂ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ, ਕਿਉਂਕਿ ਬੂਟੇ ਲਗਾਉਣੇ ਤਾਂ ਬਹੁਤ ਸੌਖੇ ਹਨ ਪਰੰਤੂ ਉਨ੍ਹਾਂ ਨੂੰ ਦਰੱਖ਼ਤ ਬਣਨ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਉਸੇ ਤਰਾਂ ਹੈ ਜਿਵੇਂ ਮਾਪੇ ਆਪਣੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ। ਇਹ ਪ੍ਰਗਟਾਵਾ ਪੰਜਾਬ ਪੁਲਸ ਦੀ ਪਟਿਆਲਾ ਰੇਂਜ ਦੇ ਆਈ.ਜੀ. ਸ੍ਰੀ ਏ.ਐੱਸ. ਰਾਏ ਨੇ ਗਰੀਨ ਮੁਹਿੰਮ ਨੂੰ ਹੁਲਾਰਾ ਦੇਣ ਲਈ ਜੀ. ਟੀ. ਰੋਡ ਸਰਹਿੰਦ ਵਿਖੇ ਸਥਿਤ ਚੀਮਾ ਹਵੇਲੀ ਵਿਖੇ ਬੂਟੇ ਲਗਾਉਣ ਦੌਰਾਨ ਕੀਤਾ । ਇਸ ਤੋਂ ਪਹਿਲਾਂ ਚੀਮਾ ਹਵੇਲੀ ਦੇ ਮਾਲਕ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਤੇ ਐਡਵੋਕੇਟ ਜਗਜੀਤ ਸਿੰਘ ਚੀਮਾ ਵੱਲੋਂ ਸ੍ਰੀ ਰਾਏ ਦਾ ਫੁੱਲਾਂ ਵਾਲਾ ਬੁੱਕੇ ਦੇ ਕੇ ਨਿੱਘਾ ਸਵਾਗਤ ਵੀ ਕੀਤਾ। ਸ੍ਰੀ ਰਾਏ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਜੰਗਲਾਂ ਦੀ ਕਟਾਈ ਹੁੰਦੀ ਆਈ ਹੈ, ਉਸ ਹਿਸਾਬ ਨਾਲ ਤੇਜ਼ੀ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਤੇ ਇਕ ਦਿਨ ਅਜਿਹਾ ਆਵੇਗਾ, ਜਦੋਂ ਦਰਖਤਾਂ ਦੀ ਘਾਟ ਕਾਰਨ ਧਰਤੀ ਤੋਂ ਆਕਸੀਜਨ ਤਾਂ ਔਖੀ ਨਸੀਬ ਹੋਵੇਗੀ ਹੀ, ਸਗੋਂ ਮਹਾਸਾਗਰਾਂ ਵਿਚ ਵੱਧਦਾ ਜਾ ਰਿਹਾ ਪਾਣੀ ਇਕ ਦਿਨ ਮੈਦਾਨੀ ਖੇਤਰਾਂ ਵਿਚ ਤਬਾਹੀ ਦੇ ਰੂਪ ਵਿਚ ਉੱਭਰ ਕੇ ਆਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਲਾਲ ਸਿੰਘ ਚੀਮਾ, ਸੁਖਵੀਰ ਸਿੰਘ ਚੀਮਾ, ਵਿਤਮਨ ਚੀਮਾ, ਬੱਚਿਆਂ ਵਿਚ ਜਪੁਜੀ, ਨੂਰ, ਸੁਖਮਣੀ ਚੀਮਾ ਅਤੇ ਹੋਰ ਹਾਜ਼ਰ ਸਨ।