ਫਿਰੋਜ਼ਪੁਰ 20 ਮਈ 2018 (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਪਿੰਡ ਸ਼ਰੀਹ ਵਾਲਾ ਵਿਚ ਬੀਤੀ ਦੇਰ ਸ਼ਾਮ ਉਸ ਵੇਲੇ ਹੜਕਾ ਦਫੜੀ ਮੱਚ ਗਈ, ਜਦੋਂ 20 ਫੁੱਟੀ ਖੂਹੀ ਪੁਟਦਿਆਂ 5 ਵਿਅਕਤੀਆ ਦੇ ਮਿੱਟੀ ਦੀਆਂ ਢਿੱਗਾਂ ਹੇਠ ਦੱਬ ਜਾਣ ਦੀ ਖਬਰ ਮਿਲੀ। ਭਾਵੇਂ ਹਰਕਤ ਵਿਚ ਆਉਂਦਿਆਂ ਸਥਾਨਕ ਲੋਕਾਂ ਨੇ ਜੇ.ਸੀ.ਬੀ ਮਸ਼ੀਨਾਂ ਸਹਾਰੇ ਬੀ.ਐਸ.ਐਫ ਦੀ ਸਹਾਇਤਾ ਨਾਲ ਮਿੱਟੀ ਵਿਚੋਂ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ, ਪਰ ਪੰਜਾਂ ਵਿਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਦੋ ਦੀ ਹਾਲਤ ਡਾਕਟਰਾਂ ਵਲੋਂ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਹਰਜੀਤ ਸਿੰਘ (50), ਸਿਮਰਨਜੀਤ ਸਿੰਘ (25), ਸੀਬਾ ਸਿੰਘ (22) ਜਦ ਕਿ ਜਸਵਿੰਦਰ ਸਿੰਘ ਤੇ ਲੱਖਾ ਸਿੰਘ ਨੂੰ ਇਲਾਜ ਵਾਸਤੇ ਫਿਰੋਜਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ।
ਜ਼ਿਕਰਯੋਗ ਹੈ ਕਿ ਖੇਤਾਂ ਵਿਚ ਖੂਹੀ ਪੁੱਟਣ ਦੌਰਾਨ ਮਿੱਟੀ ਦੇ ਢਿੱਗ ਥੱਲੇ ਦੱਬੇ ਮਜ਼ਦੂਰ ਨੂੰ ਬਾਹਰ ਕੱਢਣ ਦੇ ਯਤਨ ਕਰਦੇ ਸਮੇ ਪਿੰਡ ਦੇ ਚਾਰ ਵਿਅਕਤੀ ਵੀ ਖੂਹੀ ਨੇੜੇ ਲੱਗੇ ਨਿੰਮ ਦੇ ਦਰੱਖਤ ਦੀ ਮਿੱਟੀ ਡਿਗਣ ਨਾਲ ਹੇਠਾ ਦੱਬੇ ਜਾਣ ਕਾਰਨ ਹਰਜੀਤ ਸਿੰਘ,ਸਿਮਰਨਜੀਤ ਸਿੰਘ ਤੇ ਸੀਬਾ ਸਿੰਘ ਦੀ ਮੋਕੇ ਤੇ ਮੌਤ ਹੋ ਗਈ।
ਉਧਰ ਪਿੰਡ ਸ਼ਰੀਹ ਵਾਲਾ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਉਕਤ ਘਟਨਾ ਦੁਪਿਹਰ ਤਿੰਨ ਵਜੇ ਦੀ ਹੈ ਪਰ ਪ੍ਰਸਾਸ਼ਨਿਕ ਅਧਿਕਾਰੀ ਮਦਦ ਲਈ ਦੇਰ ਸ਼ਾਮ ਸੱਤ ਵਜੇ ਦੇ ਕਰੀਬ ਪਹੁੰਚੇ। ਪਿੰਡ ਸ਼ਰੀਹ ਵਾਲਾ ਦੇ ਲੋਕਾਂ ਦੇ ਕਹਿਣਾ ਹੈ ਕਿ ਜੇਕਰ ਪ੍ਰਸਾਸ਼ਨਿਕ ਅਧਿਕਾਰੀ ਸਮੇ ਸਿਰ ਪਹੁੰਚ ਕੇ ਮਜ਼ਦੂਰਾਂ ਨੂੰ ਬਚਾਉਣ ਲਈ ਯਤਨ ਕਰਦੇ ਤਾਂ ਐਨਾ ਵੱਡਾ ਹਾਦਸਾ ਨਾ ਵਾਪਰਦਾ।