ਪਟਿਆਲਾ, 18 ਮਈ 2018 : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਨੂੰ ਐਡਵਾਂਸ ਲੋਨ (ਹੱਦ ਕਰਜ਼ਾ) ਜੋ ਕਿ ਕਿਸਾਨ ਦੀ ਜ਼ਮੀਨ ਦੀ ਮਾਲਕੀ ਦੇ ਅਨੁਸਾਰ ਤੈਅ ਕੀਤਾ ਜਾਂਦਾ ਹੈ, ਸਬੰਧੀ ਸਹਿਕਾਰੀ ਸਭਾਵਾਂ ਵੱਲੋਂ ਦੁਬਾਰਾ ਐਡਵਾਂਸ ਲੋਨ ਦੇਣ ਲਈ ਹੱਦ ਕਰਜ਼ੇ ਬਣਾਏ ਜਾ ਰਹੇ ਹਨ। ਇਸ ਮੰਤਵ ਲਈ ਕਿਸਾਨਾਂ ਵੱਲੋਂ ਫ਼ਰਦ ਕੇਂਦਰਾਂ ਤੋਂ ਫ਼ਰਦਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਫ਼ਰਦ ਕੇਂਦਰਾਂ ਤੇ ਕਿਸਾਨਾਂ ਦੀ ਕਾਫ਼ੀ ਭੀੜ ਹੋ ਜਾਂਦੀ ਹੈ।
ਇਸ ਮੰਤਵ ਲਈ ਜ਼ਿਲ੍ਹਾ ਪਟਿਆਲਾ ਅਧੀਨ ਤਹਿਸੀਲ/ਸਬ ਤਹਿਸੀਲ ਪੱਧਰ ਤੇ ਸਮੂਹ ਫ਼ਰਦ ਕੇਂਦਰਾਂ ਵਿਖੇ ਕਿਸਾਨਾਂ ਨੂੰ ਫ਼ਰਦਾਂ ਜਾਰੀ ਕਰਨ ਲਈ ਮਿਤੀ 19 ਮਈ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਭੀੜ ਜ਼ਿਆਦਾ ਹੋਣ ਕਾਰਨ ਜੇਕਰ ਕਿਸੇ ਕਿਸਾਨ ਦਾ ਟੋਕਨ ਜਾਰੀ ਹੋਣ ਦੇ ਬਾਵਜੂਦ 5:00 ਵਜੇ ਤੱਕ ਫ਼ਰਦ ਜਾਰੀ ਨਹੀਂ ਹੁੰਦੀ ਤਾਂ ਸਿਰਫ਼ ਉਨ੍ਹਾਂ ਬਕਾਇਆ ਰਹਿੰਦੇ ਟੋਕਨਾਂ ਦੀਆਂ ਫ਼ਰਦਾਂ ਮਿਤੀ 20 ਮਈ ਨੂੰ ਦਿਨ ਐਤਵਾਰ ਨੂੰ ਜਾਰੀ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ, ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਦੀ ਜਾਣਕਾਰੀ ਕਿਸਾਨਾਂ ਨੂੰ ਦੇਣ ਲਈ ਜ਼ਿਲ੍ਹਾ ਪਟਿਆਲਾ ਅਧੀਨ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਅਤੇ ਸਾਰੇ ਸਹਾਇਕ ਰਜਿਸਟਰਾਰਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਤਾਂ ਜੋ ਇਸ ਵਿਸ਼ੇਸ਼ ਕੈਂਪ ਸਬੰਧੀ ਪਿੰਡਾਂ ਵਿਚ ਕਿਸਾਨਾਂ ਨੂੰ ਸੋਸਾਇਟੀ ਵਾਰ ਜਾਣੂ ਕਰਵਾਉਂਦੇ ਹੋਏ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵਧ ਲਾਭ ਮਿਲ ਸਕੇ।