ਫਿਰੋਜ਼ਪੁਰ 18 ਮਈ 2018 (ਗੁਰਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੇ ਸਮੁੱਚੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਕਰਜ਼ੇ ਦੇ ਮਸਲੇ ਤੇ ਜੋ ਕੇਸ ਦਾਇਰ ਕੀਤਾ ਹੈ, ਉਸ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਆਖਿਆ ਕਿ ਅਗਲੇ ਹੁਕਮਾਂ ਤੱਕ ਬੈਂਕਾਂ ਕਿਸਾਨਾਂ ਤੋਂ ਵਸੂਲੀ ਨਹੀਂ ਕਰਨਗੀਆਂ, ਪਰ ਬੈਂਕ ਅਧਿਕਾਰੀ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਤੇ ਲਗਾਤਾਰ ਕਿਸਾਨਾਂ ਨੂੰ ਕਰਜਾ ਮੋੜਨ ਲਈ ਧਮਕਾ ਰਹੇ ਹਨ। ਲੈਂਡ ਮਾਰਟਗੇਜ਼ ਬੈਂਕ ਵੱਲੋਂ ਕਿਸਾਨਾਂ ਤੋਂ ਜੋ ਚੈੱਕ ਲੈ ਕੇ ਰੱਖੇ ਹੋਏ ਹਨ ਅਦਾਲਤਾਂ ਵਿਚ ਲਗਾ ਕੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਆਗੁਆਂ ਨੇ ਆਖਿਆ ਕਿ ਜਦੋਂ ਅਸੀਂ ਬੈਂਕ ਨੂੰ ਆਪਣੀ ਜ਼ਮੀਨ ਪਲੱਜ ਕਰਕੇ ਦਿੰਦੇ ਹਾਂ ਤਾਂ ਚੈੱਕ ਲੈਣ ਦਾ ਕੋਈ ਮਤਲਵ ਨਹੀਂ ਰਹਿ ਜਾਂਦਾ। ਅੱਜ ਦੇ ਧਰਨੇ ਦੀ ਮੁੱਖ ਮੰਗ ਹੈ ਕਿ ਜਿਹੜੇ ਕਿਸਾਨਾਂ ਕੋਲੋਂ ਚੈੱਕ ਲਏ ਗਏ ਹਨ ਉਹ ਵਾਪਸ ਕੀਤੇ ਜਾਣ ਤੇ ਜੋ ਚੈੱਕਾਂ ਨੂੰ ਆਧਾਰ ਬਣਾ ਕੇ ਅਦਾਲਤਾਂ ਵਿਚ ਲਾਏ ਕੇਸ ਵੀ ਵਾਪਸ ਲਏ ਜਾਣ। ਇਸ ਮੌਕੇ ਦਰਸ਼ਨ ਸਿੰਘ ਕੜਮਾ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ, ਸੁਖਵਿੰਦਰ ਸਿੰਘ ਬਿੱਟੂ ਵਾਹਗਾ, ਸੇਵਕ ਸਿੰਘ ਖੁਆਜਾ, ਛਿੰਦਰ ਸਿੰਘ ਸ਼ਕੂਰ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਅਤੇ ਗੁਲਜ਼ਾਰ ਸਿੰਘ ਕਬਰ ਵੱਛਾ ਨੇ ਵੀ ਸੰਬੋਧਨ ਕੀਤਾ।