ਐਸ.ਏ.ਐਸ. ਨਗਰ, 18 ਮਈ 2018: ਪਿੰਡ ਮਟੌਰ ਦੇ ਮਕਾਨ ਨੰ.63 ਸੈਕਟਰ-70 ਗਰਾਉਂਡ ਫਲੌਰ ਵਿੱਚ ਰੂਪਾ ਦੇਵੀ ਦੀ ਲਾਸ਼ ਬ੍ਰਾਮਦ ਹੋਈ ਸੀ ਜੋ ਕਿ ਅੰਨਾ ਕਤਲ ਸੀ। ਇਸ ਅੰਨੇ ਕਤਲ ਕੇਸ ਸਬੰਧੀ ਮੁਕੱਦਮਾ ਨੰ.88 ਮਿਤੀ 05-05-18 ਅ/ਧ 302 ਆਈ.ਪੀ.ਸੀ ਥਾਣਾ ਮਟੋਰ ਨਾ-ਮਲੂਮ ਦੋਸ਼ੀ ਦੇ ਦਰਜ ਰਜਿਸਟਰ ਹੋਇਆ ਸੀ। ਇਸ ਕਤਲ ਅੰਨੇ ਕੇਸ ਨੂੰ ਟ੍ਰੇਸ ਕਰਨ ਲਈ ਜਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਐਸ.ਆਈ ਰਜੀਵ ਕੁਮਾਰ ਮੁੱਖ ਅਫਸਰ ਥਾਣਾ ਮਟੋਰ ਦੀ ਸਾਂਝੀ ਟੀਮ ਵੱਲੋਂ ਵੱਖ-ਵੱਖ ਥਿਉਰੀਆਂ ਪਰ ਤਫਤੀਸ਼ ਕਰਦਿਆਂ ਅਤੇ ਵਾਰਦਾਤ ਦੇ ਮੌਕਾ ਵਕੂਆ ਤੋ ਮਿਲੇ ਸਬੂਤਾ ਮੁਤਾਬਿਕ ਕੜੀ ਨਾਲ ਕੜੀ ਜੋੜਦਿਆਂ ਉਕਤ ਕਤਲ ਕੇਸ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਰਮੇਸ਼ ਯਾਦਵ ਪੁੱਤਰ ਮਹਿੰਦਰ ਯਾਦਵ ਵਾਸੀ ਪਿੰਡ ਅਤੇ ਡਾਕਖਾਨਾ ਕੁਮਾਰਖੰਡ ਜ਼ਿਲ੍ਹਾ ਮਧੇਪੁਰਾ (ਬਿਹਾਰ) ਹਾਲ ਵਾਸੀ ਮਕਾਨ ਨੰ. 63 ਸੈਕਟਰ-70 ਮਟੋਰ ਉਮਰ ਕਰੀਬ 32 ਸਾਲ ਨੂੰ ਗ੍ਰਿਫਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਕਪਤਾਨ ਪੁਲਿਸ (ਜਾਂਚ) ਸ੍ਰੀ ਹਰਬੀਰ ਸਿੰਘ ਅਟਵਾਲ ਅਤੇ ਉਪ ਕਪਤਾਨ ਪੁਲਿਸ (ਜਾਂਚ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਮੇਸ਼ ਯਾਦਵ ਪਾਸੋਂ ਡੂੰਘਾਈ ਨਾਲ ਤਫਤੀਸ਼ ਕਰਨ ਤੋ ਪਤਾ ਲੱਗਾ ਹੈ ਕਿ ਉਸਦੀ ਘਰਵਾਲੀ ਰੂਪਾ ਦੇਵੀ ਕਰੀਬ 01 ਸਾਲ 6 ਮਹੀਨੇ ਤੋਂ ਘਰੋਂ ਕਿਸੇ ਹੋਰ ਵਿਅਕਤੀ ਨਾਲ ਭੱਜੀ ਹੋਈ ਸੀ, ਜਿਸਦੇ ਹੋਰ ਤਿੰਨ ਬੱਚੇ ਵੀ ਸਨ। ਦੋਸ਼ੀ ਰਮੇਸ਼ ਯਾਦਵ ਨੇ ਰੂਪਾ ਦਾ ਚਾਲ-ਚਲਣ ਠੀਕ ਨਾ ਹੋਣ ਕਾਰਨ ਮਿਤੀ 02-05-18 ਰਾਤ ਵਕਤ ਕਰੀਬ 8:15 ਵੱਜੇ ਰੂਪਾ ਦੇਵੀ ਦਾ ਕਤਲ ਕਰ ਦਿੱਤਾ ਸੀ। ਦੋਸ਼ੀ ਰਮੇਸ਼ ਯਾਦਵ ਵਾਰਦਾਤ ਕਰਨ ਉਪਰੰਤ ਫਰਾਰ ਚਲਿਆ ਆ ਰਿਹਾ ਸੀ। ਤਫਤੀਸ਼ ਦੌਰਾਨ ਦੋਸ਼ੀ ਨੇ ਇਸ ਕਤਲ ਬਾਰੇ ਮੰਨਿਆ ਹੈ ਕਿ ਉਸ ਨੇ ਆਪਣੀ ਘਰਵਾਲੀ ਰੂਪਾ ਦੇਵੀ ਦਾ ਕਤਲ ਉਸਦਾ ਗਲਾ ਘੁੱਟ ਕੇ ਉਸ ਦੇ ਹੱਥ ਚੁੰਨੀ ਨਾਲ ਬੰਨ ਕੇ ਕੀਤਾ ਸੀ। ਦੋਸ਼ੀ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।