← ਪਿਛੇ ਪਰਤੋ
ਫ਼ਿਰੋਜ਼ਪੁਰ 15 ਮਈ 2018 (ਗੁਰਿੰਦਰ ਸਿੰਘ) ਬੀਤੀ 13 ਅਪ੍ਰੈਲ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਵੱਲੋਂ ਮਹਿਲਾ ਦੀ ਖਿੱੱਚ ਧੂਹ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਰਾਤੋ ਰਾਤ ਪਰਚਾ ਦਰਜ ਕਰਨ ਵਾਲੀ ਫ਼ਿਰੋਜ਼ਪੁਰ ਪੁਲਿਸ ਬੀਤੇ ਕੱਲ ਐਸ.ਐਸ.ਪੀ ਦਫ਼ਤਰ ਦੇ ਸਾਹਮਣੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਤੇ ਖਿੱਚ ਧੂਹ ਕਰਨ ਵਾਲੇ 'ਡਾਹਢਿਆਂ' ਖਿਲਾਫ ਕਾਰਵਾਈ ਕਰਨ ਤੋਂ ਹਿਚਕਚਾ ਰਹੀ ਹੈ। ਹਾਲ ਤਾਂ ਇਹ ਹੈ ਕਿ ਸਤਾਧਾਰੀਆਂ ਨਾਲ ਸਬੰਧਤ ਇਹਨਾਂ ਡਾਹਢਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੌਕੇ 'ਤੇ ਮੂਕ ਦਰਸ਼ਕ ਬਣ ਰਹੀ ਕੈਂਟ ਪੁਲਿਸ ਨੇ ਅੰਦਰਖਾਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਪਿੰ੍ਰਟ ਤੇ ਇਲੈਕਟ੍ਰੋਨਿਕਸ ਮੀਡੀਆ ਖ਼ਬਰਾਂ ਨੂੰ ਝੂਠਲਾਉਂਦਿਆਂ ਅਤੇ ਪ੍ਰਤੱਖਦਰਸ਼ੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਜਿਹੀ ਕਾਰਵਾਈ ਕਰ ਵਿਖਾਈ ਹੈ। ਸਿਤਮਜ਼ਰੀਫੀ ਤਾਂ ਇਹ ਹੈ ਕਿ ਜਿਹੜਾ ਥਾਣਾ ਮੁੱਖੀ ਕੁੱਟਮਾਰ ਕਰਦੇ ਡਾਹਢਿਆਂ ਹੱਥੋਂ ਪੁਲਿਸ ਮੁਲਾਜ਼ਮ ਨੂੰ ਛੁਡਾਉਣ ਮੌਕੇ ਮੌਜੂਦ ਰਿਹਾ ਉਸੇ ਵੱਲੋਂ ਸਿਆਸੀ ਜਾਂ ਉੱਚ ਅਧਿਕਾਰੀਆਂ ਦੇ ਕਥਿਤ ਦਬਾਅ ਦੇ ਚੱਲਦਿਆਂ ਇਹ ਪਰਚਾ ਦਰਜ ਕੀਤਾ ਗਿਆ ਹੈ ਜਦ ਕਿ ਪ੍ਰਤੱਖਦਰਸ਼ੀਆਂ ਅਨੁਸਾਰ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨ ਵਾਲੇ ਕੋਈ ਹੋਰ ਨਹੀ ਬਲਕਿ ਹਲਕਾ ਫ਼ਿਰੋਜ਼ਪੁਰ ਦੇ ਵਿਧਾਇਕ ਦੇ ਹਮੇਸ਼ਾਂ ਸੱਜੇ ਖੱਬੇ ਰਹਿਣ ਵਾਲੇ ਦੂਸਰੀ ਕਤਾਰ ਦੇ ਆਗੂ ਦੱਸੇ ਜਾ ਰਹੇ ਹਨ। ਜਿਕਰਯੋਗ ਹੈ ਕਿ ਪਿੰਡ ਝੋਕ ਹਰੀਹਰ ਦੀ 26 ਕਿਲੇ ਲੋਹਲੰਗਰ ਦੀ ਵਿਵਾਦਤ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਸੰਘਰਸ਼ ਵਿਢਿਆ ਹੋਇਆ ਹੈ ਜਿਸ ਵਿੱਚ ਨਿਆ ਨਾ ਮਿਲਦਾ ਵੇਖ ਕੁਝ ਦਿਨ ਪਹਿਲਾਂ ਦੋ ਬੀਬੀਆਂ ਵੱਲੋਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅੱਗੇ ਭੁੱਖ ਹੜਤਾਲ ਵਿੱਢੀ ਹੋਈ ਹੈ ਜਿਹਨਾ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਉੱਧਰ ਦੂਜੇ ਪਾਸੇ ਹਲਕਾ ਵਿਧਾਇਕ ਦੇ ਨਜ਼ਦੀਕੀਆਂ ਵੱਲੋਂ ਬਾਰਡਰ ਏਰੀਆ ਸੰਘਰਸ਼ ਕਮੇਟੀ ਨੂੰ ਨਾਲ ਲੈ ਕੇ ਇਸ ਧਰਨੇ ਦੇ ਵਿਰੋਧ ਵਿੱਚ ਇੱਕ ਹੋਰ ਧਰਨਾ ਲਗਾਇਆ ਹੋਇਆ ਹੈ। ਬੀਤੇ ਸੋਮਵਾਰ 'ਆਪ' ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ 'ਤੇ ਬੈਠੀਆਂ ਬੀਬੀਆਂ ਦੀ ਸਾਰ ਲੈਣ ਲਈ ਫ਼ਿਰੋਜ਼ਪੁਰ ਆਏ ਪਰ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਵਿਰੋਧੀ ਧੜੇ ਵੱਲੋਂ ਜਿਸ ਵਿੱਚ ਬਾਰਡਰ ਏਰੀਆ ਦੇ ਕਿਸਾਨ ਘੱਟ ਅਤੇ ਹਲਕਾ ਵਿਧਾਇਕ ਦੇ ਨਜ਼ਦੀਕੀ ਜ਼ਿਆਦਾ ਗਿਣਤੀ ਵਿੱਚ ਸਨ ਅਤੇ ਪਹਿਲਾਂ ਤੋਂ ਪੂਰੀ ਤਿਆਰੀ ਵਿੱਚ ਦਿੱਸ ਰਹੇ ਸਨ ਨੇ ਸੁਖਪਾਲ ਖਹਿਰਾ ਦੀ ਗੱਡੀ ਨੂੰ ਘੇਰ ਲਿਆ ਅਤੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਉਕਤ ਘੇਰਾਬੰਦੀ ਨੂੰ ਹਟਾਉਣ ਲਈ ਜਦੋਂ ਕੁਝ ਪੁਲਿਸ ਮੁਲਾਜ਼ਮ ਅੱਗੇ ਆਏ ਤਾਂ ਕਿਸਾਨਾਂ ਦੇ ਆੜ ਵਿੱਚ ਉੱਥੇ ਮੌਜੂਦ ਵਿਧਾਇਕ ਦੇ ਨਜ਼ਦੀਕੀ ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਖਿੱਚਧੂਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਹੱਥ ਚੜ•ੇ ਇੱਕ ਮੁਲਾਜ਼ਮ ਦੀ ਬੁਰੀ ਤਰ•ਾਂ ਕੁੱਟਮਾਰ ਕੀਤੀ। ਪ੍ਰਤੱਖਦਰਸ਼ੀਆਂ ਅਨੁਸਾਰ ਅਮਨ ਕਾਨੂੰਨ ਦੇ ਰਖਵਾਲੀ ਪੁਲਿਸ ਦੇ ਹੱਥ ਕਥਿਤ ਰਾਜਸੀ ਤੌਰ 'ਤੇ ਇਸ ਕਦਰ ਬੰਨ•ੇ ਹੋਏ ਦਿੱਸ ਰਹੇ ਸਨ ਕਿ ਉਹ ਆਪਣੇ ਮੁਲਾਜ਼ਮ ਨੂੰ ਛੁਡਾਉਣ ਅਤੇ ਆਪਣੀਆਂ ਪੱਗਾਂ ਬਚਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਏ। ਉਧਰ ਇਸ ਸਬੰਧੀ ਜਦ ਨਾਂ ਵਜੋਂ ਵਰਤੀ ਗਈ ਜੱਥੇਬੰਦੀ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹੰਸਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਸਪਸ਼ਟ ਕਿਹਾ ਕਿ ਹਾਕਮ ਧਿਰ ਨਾਲ ਸਬੰਧਤ ਕਿਸਾਨਾਂ ਦੇ ਧਰਨੇ ਨੂੰ ਪਹਿਲੇ ਦਿਨ ਉਹ ਸੰਬੋਧਨ ਕਰਨ ਜ਼ਰੂਰ ਗਏ ਸਨ ਪਰ ਕੱਲ ਦੀ ਘਟਨਾ ਨਾਲ ਉਹਨਾਂ ਦੀ ਜੱਥੇਬੰਦੀ ਦਾ ਕੋਈ ਸਬੰਧ ਨਹੀ ਹੈ। ਜਦੋਂ ਇਸ ਸਬੰਧੀ ਥਾਣਾ ਕੈਂਟ ਮੁੱਖੀ ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਗੋਂਗਲੂਆਂ ਤੋਂ ਮਿੱਟੀ ਝਾੜਣ ਤਰ•ਾਂ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਪੀੜਤ ਪੁਲਿਸ ਮੁਲਾਜ਼ਮ ਰਮਨੀਤ ਸਿੰਘ ਨੰਬਰ 1045 ਦੇ ਬਿਆਨਾ 'ਤੇ ਦੋ ਸਰਦਾਰਾਂ, ਇੱਕ ਮੋਨੇ ਤੇ ਬਾਕੀ ਅਣਪਛਾਤਿਆਂ ਖਿਲਾਫ ਧਾਰਾ 353,188 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 45 ਦਰਜ ਕਰ ਲਿਆ ਗਿਆ ਹੈ ਪਰ ਜਦ ਉਹਨਾਂ ਪਾਸੋਂ ਹਮਲਾਵਰਾਂ ਦੀ ਪਛਾਣ ਬਾਰੇ ਪੁਛਿਆ ਗਿਆ ਤਾਂ ਉਹਨਾਂ ਉਲਟਾ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਉਹਨਾਂ ਦੀ ਪਛਾਣ ਦੱਸ ਦਿਓ ਕੌਣ ਕੌਣ ਹਨ ਅਸੀਂ ਤੁਹਾਡੇ ਵੱਲੋਂ ਪਰਚਾ ਦੇ ਦਿੰਦੇ ਹਾਂ। ਇਸ ਸਬੰਧੀ ਪੱਖ ਜਾਨਣ ਲਈ ਜ਼ਿਲ•ਾ ਪੁਲਿਸ ਮੁੱਖੀ ਪ੍ਰੀਤਮ ਸਿੰਘ ਨਾਲ ਵਾਰ ਵਾਰ ਫੋਨ ਕਰਨ 'ਤੇ ਉਹਨਾਂ ਮੋਬਾਈਲ ਫੋਨ ਨਾ ਚੁੱਕਿਆ। ਜਦ ਕਿ ਥਾਣਾ ਮੁੱਖੀ ਦੇ ਉਕਤ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਹਾਕਮਾਂ ਅੱਗੇ ਗੋਡੇ ਟੇਕ ਚੁੱਕੀ ਹੈ ਜਾਂ ਪਿਛਲੇ ਸਮੇਂ ਤੋਂ ਪੁਲਿਸ ਨਾਲ ਹੁੰਦੀਆਂ ਆ ਰਹੀਆਂ ਵਧੀਕੀਆਂ ਨਾਲ ਪੁਲਿਸ ਆਪਣਾ ਮਨੋਬਲ ਗਵਾ ਚੁੱਕੀ ਹੈ।
Total Responses : 189