ਫਿਰੋਜ਼ਪੁਰ 21 ਅਪ੍ਰੈਲ 2018 (ਗੁਰਿੰਦਰ ਸਿੰਘ): ਹਿੰਦ-ਪਾਕਿ ਸਰਹੱਦ ਤੇ ਸਤਲੁੱਜ ਦਰਿਆ ਦੇ ਕੰਡੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵਾਤਾਵਰਨ ਪ੍ਰਦਰਸ਼ਨ ਪ੍ਰਤੀ ਜਾਗਰੁਕ ਕਰਨ ਦੇ ਉਦੇਸ਼ ਨਾਲ ਵਿਸ਼ਵ ਧਰਤ ਦਿਵਸ ਨੂੰ ਸਮਰਪਿਤ ਵਿਸ਼ਾਲ ਵਾਤਾਵਰਨ ਵਿੱਦਿਅਕ ਮੇਲਾ ਸਤਲੁੱਜ ਈਕੋ ਕਲੱਬ ਵੱਲੋਂ ਡਾ. ਸਤਿੰਦਰ ਸਿੰਘ ਨੈਸਨਲ ਐਵਾਰਡੀ ਪ੍ਰਿੰਸੀਪਲ ਦੀ ਅਗਵਾਈ ਵਿਚ ਕਰਵਾਇਆ ਗਿਆ। ਸਮਾਗਮ ਵਿਚ ਵਾਤਾਵਰਨ ਪ੍ਰੇਮੀ ਪ੍ਰੋ. ਡਾ. ਬੀਐੱਸ ਮੋਹੀ ਸ਼ਹੀਦ ਭਗਤ ਸਿੰਘ ਕਾਲਜ ਇੰਜ਼., ਡਾ. ਵਰਿੰਦਰ ਸਿੰਘ ਭੁੱਲਰ, ਵਿਜੇ ਵਿਕਟਰ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਮੌਕੇ 5 ਸਕੂਲਾਂ ਦੇ 90 ਤੋਂ ਵੱਧ ਵਿਦਿਆਰਥੀਆਂ ਵੱਲੋਂ ਵਾਤਾਵਰਨ ਬਚਾਓ ਜੀਵਨ ਬਚਾਓ ਵਿਸ਼ੇ ਤੇ ਕਵਿਤਾ ਗਾਇਨ, ਭਾਸ਼ਣ, ਪੇਂਟਿੰਗ, ਫਾਲਤੂ ਸਮਾਨ ਦੇ ਮਾਡਲ ਬਨਾਉਣਾ ਅਤੇ ਗੀਤ ਗਾਇਨ ਦੇ ਮੁਕਾਬਲੇ ਰਾਹੀਂ ਕਲਾ ਦਾ ਪ੍ਰਦਰਸ਼ਨ ਕਰਦਿਆਂ ਸੁਚੱਜੇ ਢੰਗ ਨਾਲ ਜਾਗਰੂਕਤਾ ਫੈਲਾਈ। ਡਾ. ਸਤਿੰਦਰ ਸਿੰਘ ਨੇ ਵਿਸ਼ਵ ਧਰਤ ਦਿਵਸ ਦੀ ਮਹੱਤਤਾ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਚਿੰਤਾ ਦਾ ਵਿਸ਼ਾ ਹੈ ਕਿ ਧਰਤੀ ਜਿਸ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ ਉਸ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਦਿਨ ਮਨਾਉਣੇ ਪੈ ਰਹੇ ਹਨ। ਉਨ੍ਹਾਂ ਦੇ ਵਾਤਾਵਰਨ ਸੰਭਾਲ ਪ੍ਰਤੀ ਸੰਜ਼ੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਾ. ਬੀਐੱਸ ਮੋਹੀ ਨੇ ਜੀਵ ਜੰਤੂਆਂ ਦੀ ਰੱਖਿਆ, ਪਲਾਸਟਿਕ ਦੀ ਵਰਤੋਂ ਰੋਕਣ ਅਤੇ ਖੇਤੀ ਖੇਤਰ ਵਿਚ ਕੀਟਨਾਸ਼ਕ ਅਤੇ ਖਾਦਾਂ ਦੀ ਹੁੰਦੀ ਅੰਨ੍ਹੇਵਾਹ ਵਰਤੋਂ ਉਪਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੰਜੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਬੇਹੱਦ ਸੁਚੱਜੇ ਢੰਗ ਉਦਾਹਰਨਾਂ ਦੇ ਕੇ ਜਾਗਰੂਕ ਕੀਤਾ। ਡਾ. ਵਰਿੰਦਰ ਭੁੱਲਰ ਅਤੇ ਵਿਜੇ ਵਿਕਟਰ ਨੇ ਆਪਣੇ ਗੀਤਾਂ ਰਾਹੀਂ ਧਰਤੀ ਨੂੰ ਪ੍ਰਦੂਸ਼ਨ ਮੁਕਤ ਕਰਨ ਦਾ ਸੰਦੇਸ਼ ਦਿੱਤਾ। ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਸਤਲੁੱਜ ਈਕੋ ਕਲੱਬ ਇੰਚਾਰਜ਼ ਸਰੂਚੀ ਮਹਿਤਾ ਨੇ ਮੰਚ ਸੰਚਾਲਨ ਕਰਦਿਆਂ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਕਲੱਬ ਵੱਲੋਂ 40 ਸਜਾਵਟੀ ਬੂਟੇ ਲਗਾਏ ਗਏ ਅਤੇ ਪੰਛੀਆਂ ਦੇ ਰੈਡੀਮੇਡ ਆਲ੍ਹਣੇ ਲਗਾਉਣ ਦੀ ਸ਼ੁਰੂਆਤ ਵੀ ਕੀਤੀ। ਸਮਾਗਮ ਨੂੰ ਸਫਲ ਬਨਾਉਣ ਵਿਚ ਸਕੂਲ ਅਧਿਆਪਕ ਰਾਜੇਸ਼ ਕੁਮਾਰ, ਗੀਤਾ ਟਕਸਾਲੀ, ਸਰੂਚੀ ਮਹਿਤਾ, ਵਿਜੇ ਭਾਰਤੀ, ਜੁਗਿੰਦਰ ਸਿੰਘ, ਪ੍ਰਿਤਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿਚ ਗੁਰਨਾਮ ਸਿੰਘ ਚੇਅਰਮੈਨ, ਧਰਮ ਸਿੰਘ, ਮੰਜ਼ੂ, ਪ੍ਰਵੀਨ ਕੌਰ, ਪਾਰਸ ਖੁੱਲਰ ਸੈਂਟਰ ਹੈੱਡ ਟੀਚਰ, ਸੁਖਵਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।