ਇਲਾਕੇ ਦੇ ਲੋਕਾਂ ਨਾਲ ਅੱਗ ਬੁਝਾਉਣ 'ਚ ਸਹਾਇਤਾ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ :( ਦੀਦਾਰ ਗੁਰਨਾ ) ਚਲੈਲਾ ਗਰਿੱਡ ਤੱਕ ਆਉਂਦੀ ਹਾਈ ਟੈਨਸ਼ਨ ਤਾਰ ਦੇ ਜਾਲਖੇੜੀ ਕੋਲ ਸਪਾਰਕ ਹੋਣ ਨਾਲ ਤਕਰੀਬਨ ਹਜਾਰਾਂ ਏਕੜ ਰਕਬੇ ਵਿੱਚ ਖੜੀ ਕਣਕ ਦੀ ਫਸਲ ਤੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਜਿਹੜੇ ਪਿੰਡਾਂ ਵਿੱਚ ਕਣਕ ਦੀ ਫਸਲ ਤੇ ਕਣਕ ਦੇ ਨਾੜ ਨੂੰ ਅੱਗ ਲੱਗੀ ਉਨ੍ਹਾਂ ਵਿੱਚ ਜਾਲਖੇੜੀ, ਪੰਡਰਾਲੀ, ਸੰਗਤਪੁਰ ਸੋਢੀਆਂ, ਮਾਜਰੀ ਸੋਢੀਆਂ, ਚਨਾਰਥਲ ਕਲਾਂ, ਚਨਾਰਥਲ ਖੁਰਦ, ਖਰੇ, ਮੀਰਪੁਰ ਤੇ ਸਿੱਧੂਪੁਰ, ਸਿੱਧਵਾਂ,ਖੋਜੇਮਾਜਰਾ ਸ਼ਾਮਲ ਹਨ। ਵਰਨਣਯੋਗ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਪਹਿਲਾਂ ਪਿੰਡ ਵਾਸੀਆਂ ਵੱਲੋਂ ਆਪਣੀਆਂ ਟਰਾਲੀਆਂ ਤੇ ਪਾਣੀ ਦੀਆਂ ਟੈਂਕੀਆਂ ਨਾਲ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਰਕੇ ਸਫਲ ਨਹੀਂ ਹੋ ਸਕੇ। ਤੇਜ਼ ਹਨੇਰੀ ਚੱਲਣ ਕਾਰਨ ਅੱਗ ਕਈ ਏਕੜਾਂ 'ਚ ਫੈਲ ਗਈ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਇਲਾਕੇ ਦੇ ਲੋਕਾਂ ਸਮੇਤ ਅੱਗ ਬੁਝਾਉਣ ਦੇ ਕੰਮਾਂ ਵਿੱਚ ਲੱਗੇ ਰਹੇ। ਅੱਗ ਬੁਝਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਜ਼ਿਲ੍ਹਾ ਪੁਲਿਸ ਵੱਲੋਂ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਵਰਨਣਯੋਗ ਹੈ ਕਿ ਇਸ ਅੱਗ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਕਿਉਂਕਿ ਕਈ ਕਿਸਾਨਾਂ ਨੇ ਠੇਕੇ 'ਤੇ ਜਮੀਨ ਲੈ ਕੇ ਕਣਕ ਬੀਜੀ ਹੋਈ ਸੀ।
ਇਸ ਮੌਕੇ ਵਿਧਾਇਕ ਨਾਗਰਾ ਨੇ ਜਿਥੇ ਕਿਸਾਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅੱਗ ਨਾਲ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜਾ ਦਿਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵਿਭਾਗ ਦੀ ਤਾਰ ਸਪਾਰਕ ਹੋਣ ਨਾਲ ਇਹ ਨੁਕਸਾਨ ਹੋਇਆ ਹੈ ਉਸ ਵਿਰੁੱਧ ਕੋਰਟ ਕੇਸ ਵੀ ਕੀਤਾ ਜਾਵੇਗਾ। ਵਿਧਾਇਕ ਨਾਗਰਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਇਸ ਮੁਸ਼ਕਲ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਸਕੇ। ਵਿਧਾਇਕ ਨਾਗਰਾ ਨੇ ਜਿਥੇ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜੇ ਵਿੱਚ ਦੇਣ ਦਾ ਐਲਾਨ ਕੀਤਾ ਹੈ ਉਥੇ ਹੀ ਉਨ੍ਹਾਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜਨ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਉਣ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਵੱਧ ਤੋਂ ਵੱਧ ਮੁਆਵਜਾ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਸਬੰਧੀ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਵੀ ਕਰਨਗੇ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਮਿਲ ਸਕੇ।
ਕੈਪਸ਼ਨ: