ਬਰਨਾਲਾ, 16 ਅਪ੍ਰੈਲ 2018: ਐੱਸ. ਡੀ. ਕਾਲਜ ਐਜੂਕੇਸ਼ਨਲ ਸੁਸਾਇਟੀ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵੱਲੋਂ ਕਠੂਆ ਵਿਖੇ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤੀ ਗਈ ਅੱਠ ਸਾਲਾ ਬੱਚੀ ਆਸਿਫ਼ਾ ਦੇ ਹੱਕ ਵਿਚ ਰੋਸ ਮਾਰਚ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਐੱਸ.ਡੀ. ਡਿਗਰੀ ਕਾਲਜ, ਐੱਸ.ਡੀ.ਕਾਲਜ ਆਫ਼ ਐਜੂਕੇਸ਼ਨ, ਐੱਸ. ਡੀ. ਕਾਲਜ ਆਫ਼ ਬੀ.ਫਾਰਮੇਸੀ, ਐੱਸ. ਡੀ. ਕਾਲਜ ਆਫ਼ ਡੀ. ਫਾਰਮੇਸੀ ਅਤੇ ਡਾ. ਰਘੂਬੀਰ ਪ੍ਰਕਾਸ਼ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਹਜ਼ਾਰਾਂ ਵਿਦਿਆਰਥੀ/ਵਿਦਿਆਰਥਣਾਂ ਨੇ ਮਨੁੱਖੀ ਚੇਨ ਬਨਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਕਾਂਡ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਐੱਨ.ਐੱਸ.ਐੱਸ ਵਿਭਾਗ ਦੀ ਅਗਵਾਈ ਵਿਚ ਹੋਈ ਇਸ ਰੈਲੀ ਦੀ ਅਗਵਾਈ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਨੇ ਕੀਤੀ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਡੀਆਂ ਬੱਚੀਆਂ ਅਤੇ ਭੈਣਾਂ ਨਾਲ ਹੋ ਰਹੇ ਅਨਿਆਂ ਵਿਰੁੱਧ ਡਟਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਇਨਸਾਫ਼ ਲਈ ਲੜਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਇਹ ਲੜਾਈ ਨੌਜਵਾਨਾਂ ਨੂੰ ਆਪ ਲੜਨੀ ਪਵੇਗੀ ਤਾਂ ਹੀ ਕਠੂਆ ਅਤੇ ਉਨਾਵ ਵਰਗੀਆਂ ਘਟਨਾ 'ਤੇ ਲਗਾਮ ਲਗਾਈ ਜਾ ਸਕਦੀ ਹੈ। ਰੈਲੀ ਦਾ ਕਾਫਲਾ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਕੱਚਾ ਕਾਲਜ ਰੋਡ, ਅਗਰਸੈਨ ਚੌਂਕ ਹੁੰਦਾ ਹੋਇਆ ਪੁਰਾਣੇ ਬਜ਼ਾਰ ਤੋਂ ਸਦਰ ਬਾਜ਼ਾਰ ਪਹੁੰਚਿਆ। ਇੱਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਵਿਦਿਆਰਥੀਆਂ ਨੇ ਸਰਕਾਰ ਨੂੰ ਜਗਾਉਣ ਲਈ ਅਨਿਆ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕਰਦਿਆਂ ਨਾਅਰੇ ਲਾਏ। ਫੇਰ ਅੱਗੇ ਜਾ ਕੇ ਇਹ ਕਾਫ਼ਲਾ ਰੇਲਵੇ ਸਟੇਸ਼ਨ ਤੋਂ ਪੱਕਾ ਕਾਲਜ ਰੋਡ ਹੁੰਦਾ ਹੋਇਆ ਵਾਪਿਸ ਕਾਲਜ ਕੈਂਪਸ ਪਹੁੰਚਿਆ। ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਰਹੂਮ ਆਸਿਫ਼ਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਸਮੁੱਚੀ ਰੈਲੀ ਪ੍ਰੋ. ਰੀਤੂ ਅੱਗਰਵਾਲ, ਪ੍ਰੋ. ਜਸਬੀਰ ਸਿੰਘ, ਡਾ. ਕੁਲਭੂਸ਼ਣ ਰਾਣਾ, ਮੈਡਮ ਅਨਾਮਿਕਾ ਭਾਰਦਵਾਜ ਅਤੇ ਡਾ. ਬਲਤੇਜ ਸਿੰਘ ਦੀ ਅਗਵਾਈ ਵਿਚ ਕੱਢੀ ਗਈ।