ਫ਼ਿਰੋਜ਼ਪੁਰ 21 ਮਾਰਚ 2018 (ਗੁਰਿੰਦਰ ਸਿੰਘ) ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਦਰਜ ਕਰਦਿਆਂ ਫ਼ਿਰੋਜ਼ਪੁਰ ਪਿਲਸ ਨੇ ਸਾਢੇ ਤਿੰਨ ਕਿਲੋ ਅਫੀਮ ਸਮੇਤ ਸ਼ਹਿਰ ਦੇ ਅਹਿਮ ਵਿਅਕਤੀ ਨੂੰ ਕਾਬੂ ਕੀਤਾ ਹੈ ਜਦ ਕਿ ਇਸ ਕੇਸ ਵਿੱਚ ਨਾਮਜ਼ਦ ਦਾ ਇੱਕ ਹੋਰ ਅਹਿਮ ਵਿਅਕਤੀ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ। ਸ਼ਹਿਰ ਵਿੱਚ ਆਮ ਚਰਚਾ ਹੈ ਕਿ ਕਾਬੂ ਦੋਸ਼ੀ ਦੇ ਸਤਾਧਾਰੀ ਧਿਰ ਨਾਲ ਗੂੜੇ ਸਬੰਧ ਹਨ ਜਦ ਕਿ ਫਰਾਰ ਵਿਅਕਤੀ ਕੋਆਪ੍ਰੇਟਿਵ ਬੈਂਕ ਦਾ ਸਾਬਕਾ ਡਾਇਰੈਕਟਰ ਰਹਿ ਚੁੱਕਾ ਹੈ।
ਅੱਜ ਏਥੇ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਪੁਲਿਸ ਮੁੱਖੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਅਵਤਾਰ ਸਿੰਘ ਰਾਜਪਾਲ ਅਤੇ ਨਾਰਕੋਟਿਕ ਸੈੱਲ ਵੱਲੋਂ ਵਿਸ਼ੇਸ਼ ਇਤਲਾਹ 'ਤੇ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਸਥਿਤ ਇੱਕ ਕੋਲਡ ਸਟੋਰ ਦੇ ਮਾਲਕ ਗੁਰਵਿੰਦਰ ਸਿੰਘ ਉਰਫ ਟਿੰਟੂ ਪੁੱਤਰ ਸੁਰਿੰਦਰ ਸਿੰਘ ਵਾਸੀ ਸੂਰਜ ਇਨਕਲੇਵ ਫ਼ਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 3 ਕਿਲੋ 500 ਗਰਾਮ ਅਫੀਮ ਬਰਾਮਦ ਕੀਤੀ ਹੈ, ਜਿਸ ਦੇ ਖਿਲਾਫ ਥਾਣਾ ਸਿਟੀ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਹ ਅਤੇ ਅਮੀਰ ਚੰਦ ਉਰਫ ਬਿੱਟੂ ਮੈਣੀ ਵਾਸੀ ਫ਼ਿਰੋਜ਼ਪੁਰ ਸ਼ਹਿਰ ਰਲ ਕੇ ਮੱਧ ਪ੍ਰਦੇਸ਼ ਤੋਂ 5 ਕਿਲੋ ਅਫੀਮ ਇੱਕ ਲੱਖ 6 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਕੇ ਆਏ ਸੀ ਅਤੇ ਅੱਗੋਂ ਇਹ ਅਫੀਮ ਮਹਿੰਗੇ ਭਾਅ ਨਾਲ ਵੇਚਣੀ ਸੀ। ਉਹਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਅਮੀਰ ਚੰਦ ਉਰਫ ਬਿੱਟੁ ਮੈਣੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸਦੀ ਭਾਲ ਜਾਰੀ ਹੈ, ਜਿਸ ਪਾਸੋਂ ਬਾਕੀ ਅਫੀਮ ਦੀ ਬਰਾਮਦਗੀ ਦੀ ਸੰਭਾਵਨਾ ਹੈ । ਦੱਸ ਦਈਏ ਕਿ ਅਮੀਰ ਚੰਦ ਉਰਫ ਬਿਟੂ ਮੈਣੀ ਪਹਿਲੀ ਕੈਪਟਨ ਸਰਕਾਰ ਸਮੇਂ ਕੋਆਰਪੇਟਿਵ ਬੈਂਕ ਦਾ ਡਾਇਰੈਕਟਰ ਰਹਿ ਚੁੱਕਾ ਹੈ ਅਤੇ ਅੱਜ ਕੱਲ ਹਲਕਾ ਦਿਹਾਤੀ ਵਿੱਚ ਪੂਰੀ ਤਰ•ਾਂ ਸਰਗਰਮ ਭੁਮਿਕਾ ਨਿਭਾ ਰਿਹਾ ਹੈ। ਇਥੇ ਇਹ ਵੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਮੀਰ ਚੰਦ ਉਰਫ ਬਿੱਟੂ ਮੈਣੀ ਖਿਲਾਫ ਥਾਣਾ ਮਮਦੋਟ ਅੰਦਰ ਵੀ ਰੇਤਾ ਦੀ ਕਾਲਾਬਜ਼ਾਰੀ ਸਬੰਧੀ ਮੁਕੱਦਮਾ ਦਰਜ ਹੋਇਆ ਸੀ। ਇਸ ਮੌਕੇ ਅਜਮੇਰ ਸਿੰਘ ਬਾਠ ਐਸ.ਪੀ (ਡੀ), ਅਮਰਜੀਤ ਸਿੰਘ ਐਸ.ਪੀ (ਐੱਚ), ਅਵਤਾਰ ਸਿੰਘ ਰਾਜਪਾਲ ਇੰਚਾਰਜ਼ ਸੀ.ਆਈ.ਏ ਸਟਾਫ, ਗੁਰਦਿਆਲ ਸਿੰਘ ਨਾਰਕੋਟਿਕ ਸੈੱਲ ਵੀ ਹਾਜ਼ਰ ਸਨ।