ਜਗਦੀਸ਼ ਥਿੰਦ
ਫਾਜ਼ਿਲਕਾ 9 ਮਾਰਚ 2018 :
ਸਿਹਤ ਵਿਭਾਗ ਵੱਲੋਂ 11 ਤੋਂ 13 ਮਾਰਚ ਤੱਕ ਪੋਲੀਓ ਬਿਮਾਰੀ ਦੀ ਰੋਕਥਾਮ ਸਬੰਧੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਿਵਲ ਸਰਜਨ ਡਾ. ਸੁਿਰੰਦਰ ਕੁਮਾਰ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਉਂਦੇ 181467 ਘਰਾਂ ਦੇ 154876 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਚਾਹੇ ਉਨ੍ਹਾਂ ਨੂੰ ਪਹਿਲਾਂ ਵੀ ਇਹ ਦਵਾਈ ਪਿਲਾਈ ਗਈ ਹੋਵੇ, ਇਕ ਵਾਰ ਫਿਰ ਦਵਾਈ ਪਿਲਾਈ ਜਾਵੇਗੀ। 11 ਮਾਰਚ ਨੂੰ ਪੋਲੀਓ ਬੂਥਾਂ 'ਤੇ ਟੀਮਾਂ ਦਵਾਈ ਪਿਲਾਉਣ ਲਈ ਹਾਜ਼ਰ ਰਹਿਣਗੀਆਂ ਜਦਕਿ 12 ਅਤੇ 13 ਮਾਰਚ ਨੂੰ ਘਰ ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਈ ਜਾਏਗੀ। ਇਸ ਲਈ ਜ਼ਿਲ੍ਹੇ ਵਿਚ 784 ਪੋਲੀਓ ਬੂਥ ਸਥਾਪਿਤ ਕੀਤੇ ਜਾ ਰਹੇ ਹਨ। 26 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ 'ਤੇ 135 ਸੁਪਰਵਾਈਜ਼ਰ ਲਗਾਏ ਗਏ ਹਨ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਸੁਰਿੰਦਰ ਕੁਮਾਰ ਨੇ ਕਿਹਾ ਕਿ ਪੋਲੀਓ ਦੀ ਬਿਮਾਰੀ ਨੂੰ ਮੁੜ ਤੋਂ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਕੋਈ ਵੀ ਬੱਚਾ ਦਵਾਈ ਪਿਲਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗ ਇਸ ਵਿਚ ਸਹਿਯੋਗ ਕਰਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਦਵਾਈ ਪਿਲਾਉਣ ਲਈ 11 ਮਾਰਚ ਨੂੰ ਆਪਣੇ ਨੇੜੇ ਦੇ ਪੋਲੀਓ ਬੂਥ 'ਤੇ ਜ਼ਰੂਰ ਲਿਆਂਦਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੋਲੀਓ ਦੇ ਖਾਤਮੇ ਲਈ ਇਸ ਮੁਹਿੰਮ ਨੂੰ ਜ਼ੁੰਮੇਵਾਰੀ ਨਾਲ ਨਿਭਾਇਆ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਭੁੱਕਲ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰੁਪਿੰਦਰ ਕੌਰ, ਬੀ.ਈ.ਈ. ਸ. ਮਨਬੀਰ ਸਿੰਘ, ਸਕੂਲ ਹੈਲਥ ਕੁਆਰਡੀਨੇਟਰ ਸ੍ਰੀ ਬਲਜੀਤ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।