ਗੁਰਿੰਦਰ ਸਿੰਘ
ਫ਼ਿਰੋਜ਼ਪੁਰ 21 ਫਰਵਰੀ 2018 :
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ਯੰਗ ਲੀਡਰਜ਼ਸ਼ ਦੇ ਤਹਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਪਿੰਡ ਸੁਲਹਾਨੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਹਿਯੋਗ ਨਾਲ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰ. ਬਲਦੇਵ ਕਿਸ਼ਨ ਏ.ਐੱਸ.ਆਈ ਅਤੇ ਸ੍ਰ: ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। ਪ੍ਰੋਗਰਾਮ ਵਿਚ ਸ੍ਰੀ. ਰਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਨ, ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ ਅਤੇ ਸ੍ਰ. ਲਖਬੀਰ ਸਿੰਘ ਵਿਸ਼ੇਸ਼ ਬੁਲਾਰੇ ਦੇ ਰੂਪ ਵਿੱਚ ਪਹੁੰਚੇ। ਇਸ ਮੌਕੇ ਸ੍ਰ. ਜਗਤਾਰ ਸਿੰਘ ਸਰਪੰਚ ਅਤੇ ਸ੍ਰੀਮਤੀ ਆਸ਼ਾ ਰਾਣੀ ਮੁੱਖ ਅਧਿਆਪਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪਿੰਡਾਂ ਦੇ 80 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਹਰਮਨ ਨੈਸ਼ਨਲ ਰਾਸ਼ਟਰੀ ਯੁਵਾ ਵਲੰਟੀਅਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿ ਕੇ ਕੀਤੀ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸ੍ਰ. ਲਖਬੀਰ ਸਿੰਘ ਨੇ ਨਸ਼ੇ ਅਤੇ ਟ੍ਰੈਫਿਕ ਨਿਯਮਾਂ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਹਰ ਸਾਲ ਸੜਕਾਂ ਤੇ ਵੱਡੇ-ਵੱਡੇ ਹਾਦਸੇ ਵਾਪਰਦੇ ਹਨ। ਜੇਕਰ ਅਸੀਂ ਇਨ੍ਹਾਂ ਛੋਟੀਆਂ- ਛੋਟੀਆਂ ਗ਼ਲਤੀਆਂ ਨੂੰ ਸੁਧਾਰਾਂਗੇ ਤਾਂ ਬਹੁਤ ਸਾਰੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਹੋਣ ਵਾਲੀ ਸਜ਼ਾ ਅਤੇ ਜੁਰਮਾਨੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ. ਰਜਿੰਦਰ ਕਟਾਰੀਆ ਵੱਲੋਂ ਸਵੱਛ ਭਾਰਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਨੌਜਵਾਨਾਂ ਨੂੰ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖ ਕੇ ਭਾਰਤ ਨੂੰ ਸਵੱਛ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਰੱਖਾਂਗੇ ਤਾਂ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚ ਸਕਾਂਗੇ। ਇਨ੍ਹਾਂ ਤੋਂ ਬਾਅਦ ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਨੇ ਗਰੀਬੀ ਦੂਰ ਕਰਨ ਲਈ ਸਵੈ ਰੁਜ਼ਗਾਰ ਨਾਲ ਸਬੰਧਿਤ ਕਿੱਤਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਨੌਜਵਾਨਾਂ ਨੂੰ ਭਾਰਤ ਨੂੰ ਜਾਤੀਵਾਦ ਮੁਕਤ ਬਣਾਉਣ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਨੌਜਵਾਨਾਂ ਨੂੰ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਚੰਗੇ ਆਚਰਨ ਅਪਣਾਉਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰ. ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੇ ਕਿਹਾ ਕਿ ਨੌਜਵਾਨ ਨੂੰ ਜਾਤਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਾ ਅਤੇ ਦੇਸ਼ ਦੀ ਏਕਤਾ ਬਣਾਈ ਰੱਖਣ ਲਈ ਆਪਣਾ ਸੰਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ 2022 ਤੱਕ ਭਾਰਤ ਨੂੰ ਸਵੱਛ ਬਣਾਉਣ, ਗ਼ਰੀਬੀ ਅਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਨੌਜਵਾਨਾਂ ਨੂੰ ਸੰਕਲਪ ਵੀ ਦਵਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਅੱਗੇ ਆ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹ,ੈ ਜਿਸ ਨਾਲ ਹਰ ਵਰਗ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਨੌਜਵਾਨਾਂ ਨੂੰ ਵਿੱਦਿਆ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਹਰ ਇੱਕ ਨੌਜਵਾਨ ਨੂੰ ਵੱਧ ਤੋਂ ਵੱਧ ਵਿੱਦਿਆ ਹਾਸਲ ਕਰ ਕੇ ਆਪਣੇ ਦੇਸ਼ ਦੇ ਵਿਕਾਸ ਲਈ ਆਪਣੀਆਂ ਵੱਧ ਤੋਂ ਵੱਧ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਅਧਿਆਪਕ ਅਤੇ ਮਾਤਾ-ਪਿਤਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਚੰਗੇਰੇ ਨਾਗਰਿਕ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਬਣ ਸਕਣ ਅਤੇ ਆਪਣੇ ਸਮਾਜ ਦੀ ਸੇਵਾ ਕਰ ਸਕਣ। ਪ੍ਰੋਗਰਾਮ ਦੇ ਅੰਤ ਵਿੱਚ ਸ੍ਰ. ਉੱਤਮ ਸਿੰਘ ਕਲੱਬ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਲੱਬ ਵੱਲੋਂ ਪੇਸ਼ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਣਧੀਰ ਸਿੰਘ, ਬਲਜੀਤ ਸਿੰਘ, ਯਾਦਵਿੰਦਰ ਸਿੰਘ, ਜਸਪਿੰਦਰ ਸਿੰਘ, ਪਰਮਿੰਦਰ ਸਿੰਘ, ਸਤਪਾਲ ਸਿੰਘ ਅਧਿਆਪਕ ਅਤੇ ਸਕੂਲ ਦੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।