ਜਗਦੀਸ਼ ਥਿੰਦ
ਫਾਜ਼ਿਲਕਾ 20 ਫਰਵਰੀ 2018 :
ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਕਣਕ ਦੀ ਫਸਲ ਤੇ ਪੀਲੀ ਕੂੰਗੀ ਦੇ ਹਮਲੇ ਸਬੰਧੀ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਬੇਅੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਣਕ ਦੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਤਾਂ ਜੋ ਇਸ ਬਿਮਾਰੀ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਜ਼ਿਲ੍ਹੇ ਵਿਚ ਕਿਤੇ ਵੀ ਇਹ ਬਿਮਾਰੀ ਵੇਖਣ ਨੂੰ ਨਹੀਂ ਮਿਲੀ ਹੈ ਅਤੇ ਜ਼ਿਲ੍ਹੇ ਵਿਚ ਕਣਕ ਦੀ ਫਸਲ ਦੀ ਸਥਿਤੀ ਬਹੁਤ ਚੰਗੀ ਹੈ।
> ਪੀਲੀ ਕੂੰਗੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਨੇਦੱਸਿਆ ਕਿ ਇਹ ਬਿਮਾਰੀ ਸ਼ੁਰੂ ਵਿਚ ਦੋਗੀਆਂ ਦੀ ਸ਼ਕਲ ਵਿਚ ਆਉਂਦੀ ਹੈ, ਜਿਸ ਨੂੰ ਸ਼ਿਫਾਰਿਸ਼ ਕੀਤੀਆਂ ਉਲੀਨਾਸ਼ਕ ਦਾ ਛਿੜਕਾਅ ਕਰਕੇ ਬਿਮਾਰੀ ਦੇ ਮੁੱਢਲੀ ਲਾਗ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਤਾਂ ਜੋ ਪੀਲੀ ਕੂੰਗੀ ਦੇ ਹਮਲੇ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਸੈਂਟੀਗਰੇਡ ਅਤੇ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਂਟੀਗਰੇਡ ਅਤੇ ਹਵਾ ਵਿਚ ਨਮੀਂ 85-100% ਤੱਕ ਪੀਲੀ ਕੂੰਗੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਨਾਲ ਪੈਣ ਵਾਲਾ ਮੀਂਹ ਵੀ ਬਿਮਾਰੀ ਲਈ ਢੁਕਵਾਂ ਹੁੰਦਾ ਹੈ।
> ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਗੈਰ ਸਿਫਾਰਸ਼ੀ ਕਿਸਮਾਂ ਦੀ ਬਿਜਾਈ ਕੀਤੀ ਗਈ ਹੈ ਤਾਂ ਵਧੇਰੇ ਚੌਕਸੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਵਿਚ ਪੱਤਿਆਂ 'ਤੇ ਪੀਲੇ ਧੱਬੇ ਲੱਗੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦੇਣ, ਜਿਨ੍ਹਾਂ 'ਤੇ ਪੀਲਾ ਹਲਦੀਨੁਮਾ ਧੂੜਾ ਨਜ਼ਰ ਆਵੇ ਅਤੇ ਹੱਥ ਲਗਾਉਣ 'ਤੇ ਇਹ ਪੀਲਾ ਧੂੜਾ ਹੱਥਾਂ ਨੂੰ ਲੱਗ ਜਾਵੇ ਤਾਂ ਇਹ ਪੀਲੀ ਕੂੰਗੀ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਦਵਾਈ ਦਾ ਛਿੜਕਾਅ ਕੀਤਾ ਜਾ ਸਕਦਾ ਹੈ।