← ਪਿਛੇ ਪਰਤੋ
ਫ਼ਤਹਿਗੜ੍ਹ ਸਾਹਿਬ, 19 ਫਰਵਰੀ 2018 : ਮੁੱਖ ਖੇਤੀਬਾੜੀ ਤੇ ਕਿਸਾਨ ਭਲਾਈ ਅਫਸਰ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਜ਼ਿਲ੍ਹੇ ਦੀਆਂ 100 ਕੰਬਾਇਨਾਂ ਦੇ ਪਿੱਛੇ ਸੁਪਰ ਐਸ.ਐਮ.ਐਸ. ਸਿਸਟਮ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਹਰੇਕ ਕੰਬਾਇਨ ਮਾਲਕ ਨੂੰ ਸੁਪਰ ਐਸ.ਐਮ.ਐਸ. ਸਿਸਟਮ ਲਗਾਉਣ ਲਈ 50 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹੇ ਵਿੱਚ 50 ਲੱਖ ਰੁਪਏ ਦੀ ਰਾਸ਼ੀ ਕੰਬਾਇਨ ਓਪਰੇਟਰਾਂ ਨੂੰ ਸੁਪਰ ਐਸ.ਐਮ.ਐਸ. ਸਿਸਟਮ ਲਗਾਉਣ ਲਈ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾਵੇਗੀ। ਸ਼੍ਰੀ ਸ਼ਰਮਾ ਨੇ ਜ਼ਿਲ੍ਹੇ ਦੇ ਕੰਬਾਇਨ ਹਾਰਵੈਸਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕੰਬਾਇਨਾਂ ਪਿੱਛੇ ਸਿਰਫ ਨਾਮਜ਼ਦ ਫਰਮਾਂ ਤੋਂ ਹੀ ਸੁਪਰ ਐਸ.ਐਮ.ਐਸ. ਸਿਸਟਮ ਲਗਵਾਉਣ। ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਲਈ ਨਿਰਧਾਰਤ ਪ੍ਰੋਫਾਰਮਾ ਖੇਤੀਬਾੜੀ ਦੇ ਬਲਾਕ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਸਮੂਹ ਕੰਬਾਇਨ ਹਾਰਵੈਸਟਰਾਂ ਨੂੰ ਅਪੀਲ ਕੀਤੀ ਕਿ ਉਹ 26 ਫਰਵਰੀ ਤੱਕ ਆਪਣੇ ਬਿਨੈ ਪੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਤੇ ਬਲਾਕ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪ੍ਰਵਾਨਤ ਨਿਰਮਾਤਾ ਕੰਪਨੀਆਂ ਤੇ ਡੀਲਰਾਂ ਦੀ ਸੂਚੀ, ਸਕੀਮ ਦੀਆਂ ਸ਼ਰਤਾਂ ਅਤੇ ਬਿਨੈ ਪੱਤਰ ਦਾ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.agripb.gov.in Óਤੇ ਉਪਲਬਧ ਹੈ। ਇਸ ਸਬੰਧੀ ਵਧੇੇਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Total Responses : 936