ਗੁਰਿੰਦਰ ਸਿੰਘ
ਫ਼ਿਰੋਜ਼ਪੁਰ 17 ਫਰਵਰੀ 2018 :
ਮਾਨਯੋਗ ਸ਼੍ਰੀ.ਐੱਸ ਕੇ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵੱਲੋਂ ਪਿੰਡ ਕਾਲੂ ਵਾੜਾ ਜੋ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਆਖ਼ਰੀ ਪਿੰਡ ਹੈ । ਇਸ ਪਿੰਡ ਵਿਖੇ ਕੋਈ ਰਸਤਾ ਨਹੀਂ ਜਾਂਦਾ ਅਤੇ ਜਿਸਨੂੰ ਦਰਿਆ ਪਾਰ ਕਰਕੇ ਇੱਕ ਬੇੜੀ ਰਾਹੀਂ ਜਾਣਾ ਪੈਂਦਾ ਹੈ ਵਿਖੇ ਇੱਕ ਜੰਗੀ ਪੱਧਰ ਤੇ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਡੀ. ਸੀ.ਦਫ਼ਤਰ , ਸਿਵਲ ਸਰਜਨ ਦਫ਼ਤਰ ਅਤੇ ਰੈੱਡ ਕਰਾਸ ਦਫ਼ਤਰ ਤੇ ਮੁਲਾਜ਼ਮ ਖ਼ਾਸ ਤੌਰ ਤੇ ਪਹੁੰਚੇ । ਇਸ ਮੌਕੇ ਸਾਰੇ ਹੀ ਪਹੁੰਚੇ ਹੋਏ ਵਿਭਾਗਾਂ ਵੱਲੋਂ ਇਸ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਲੋਕਾਂ ਵੱਲੋਂ ਲਾਭਪਾਤਰੀ ਕਾਰਡ ਬਣਵਾਉਣ ਲਈ ਅਤੇ ਪਿੰਡ ਵਿੱਚ ਇੱਕ ਡਿਸਪੈਂਸਰੀ ਖੋਲ੍ਹਣ ਲਈ ਅਰਜ਼ੀਆਂ ਪ੍ਰਾਪਤ ਕੀਤੀਆਂ, ਪਿੰਡ ਵਿੱਚ ਆਧਾਰ ਕਾਰਡ ਵੋਟਰ ਕਾਰਡ ਬਣਵਾਉਣ ਲਈ ਵੀ ਅਰਜ਼ੀਆਂ ਪ੍ਰਾਪਤ ਕੀਤੀ ਗਈਆਂ। ਇਹ ਅਰਜ਼ੀਆਂ ਲੈ ਕੇ ਸਬੰਧਿਤ ਮਹਿਕਮਿਆਂ ਨੇ ਇਨ੍ਹਾਂ ਬੇਨਤੀ ਪੱਤਰਾਂ ਤੇ ਤੁਰੰਤ ਕੰਮ ਹੋਣ ਦਾ ਭਰੋਸਾ ਵੀ ਦਿਵਾਇਆ।
ਇਸ ਮੌਕੇ ਸ਼੍ਰੀ ਬਲਜਿੰਦਰ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਸਾਡੇ ਦਫ਼ਤਰ ਵੱਲੋਂ ਹਰ ਵੇਲੇ ਪਿੰਡ ਲਈ ਲੋੜ ਮੁਤਾਬਿਕ ਕਾਨੂੰਨੀ ਸੇਵਾ ਹਾਜ਼ਰ ਹੋਵੇਗੀ । ਜੇਕਰ ਕਿਸੇ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਲਾਹ ਦੀ ਲੋੜ ਹੋਵੇ ਤਾਂ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰਿਟੇਨਰ ਐਡਵੋਕੇਟ ਸ਼੍ਰੀ ਰਾਜੇਸ਼ਵਰ ਸ਼ੇਰ ਗਿੱਲ ਨੂੰ ਮਿਲ ਕੇ ਪੇਸ਼ ਆ ਰਹੀਆਂ ਦਿੱਕਤਾਂ ਦਾ ਕਾਨੂੰਨੀ ਹੱਲ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਰੈੱਡ ਕਰਾਸ ਦਫ਼ਤਰ ਦੇ ਸਹਿਯੋਗ ਨਾਲ ਲਾਈਫ਼ ਜੈਕਟਾਂ ਵੀ ਵੰਡੀਆਂ ਗਈਆਂ ਤਾਂ ਕਿ ਦਰਿਆ ਪਾਰ ਕਰਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ । ਜਿਸ ਨਾਲ ਬਹੁਤ ਹੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।
ਇਸ ਮੌਕੇ ਪਿੰਡ ਦੁਲਚੀ ਕੇ ਦੇ ਫਾਰਮਾਸਿਸਟ, ਸ੍ਰੀ.ਸੁਨੀਲ ਦੱਤ ਰੈੱਡ ਕਰਾਸ ਦਫ਼ਤਰ ਅਤੇ ਪਿੰਡ ਕਾਲੂ ਵਾੜਾ ਤੇ ਪਿੰਡ ਦੁਲਚੀ ਕੇ ਦੇ ਪੰਚਾਇਤ ਮੈਂਬਰ, ਨੰਬਰਦਾਰ ਅਤੇ ਪਿੰਡ ਦੇ ਸਰਪੰਚ ਸਮੇਤ ਪ੍ਰੈੱਸ ਰਿਪੋਰਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।