ਕਾਕੋਵਾਲ ਰੋਡ ਤੋਂ ਮਿਲੀ ਬੱਚੀ ਨਾਲ ਦਿਖਾਈ ਦਿੰਦੇ ਹੋਏ ਸ਼ੋਸ਼ਲ ਵਰਕਰ ਕਮਲਜੀਤ ਕੌਰ, ਪ੍ਰਧਾਨ ਬੀਬੀ ਜਸਬੀਰ ਕੌਰ, ਉਪ ਪ੍ਰਧਾਨ ਸਤਵੰਤ ਸਿੰਘ ਤਲਵੰਡੀ ਅਤੇ ਸਮੂਹ ਮੈਬਰ ਸਹਿਬਾਨ।
ਜਿਹੜੇ ਪੰਜਾਬੀ ਕਿਸੇ ਸਮੇਂ ਧੀਆਂ ਭੈਣਾਂ ਦੀ ਰੱਖਿਆ ਕਰਨ ਵਾਲੇ ਜਾਣੇ ਜਾਂਦੇ ਸਨ ਅੱਜ ਉਹ ਆਪਣੀਆਂ ਬੱਚੀਆਂ ਨੂੰ ਜਨਮ ਦੇਣ ਤੋਂ ਉਪਰੰਤ ਖਾਲੀ ਅਤੇ ਬੇ-ਅਬਾਦ ਜਗ੍ਹਾ ਤੇ ਛੱਡ ਰਹੇ ਹਨ ਅਜਿਹੇ ਲੋਕ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਜੋ ਕਿ ਪੰਜਾਬੀਅਤ 'ਤੇ ਬਹੁਤ ਵੱਡਾ ਕਲੰਕ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਤੋਂ ਬਾਲ ਘਰ ਪਹੁੰਚੇ ਸ਼ੋਸ਼ਲ ਵਰਕਰ ਕਮਲਜੀਤ ਕੌਰ ਕੈਲੇ ਨੇ ਪੁਲਿਸ ਸਟੇਸ਼ਨ ਜੋਧੇਵਾਲ ਅਧੀਨ ਪੈਦੇ ਕਾਕੋਵਾਲ ਰੋਡ ਤੇ ਖਾਲੀ ਪਲਾਟ ਵਿੱਚ ਮਿਲੀ ਬੱਚੀ ਨੂੰ ਅੱਜ ਪ੍ਰਮਾਣਿਕ ਅਧਿਕਾਰੀਆਂ ਦੁਆਰਾ ਅਜਿਹੇ ਬੱਚਿਆਂ ਨੂੰ ਸਾਂਭ-ਸੰਭਾਲ ਅਤੇ ਕਾਨੂੰਨੀ ਤੌਰ ਤੇ ਬੱਚੇ ਗੌਦ ਦੇਣ ਦੇ ਸੈਂਟਰ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਲ ਫ਼ਾਊਡੇਸ਼ਨ ਧਾਮ ਤਲਵੰਡੀ ਖੁਰਦ ਦੇ ਹਵਾਲੇ ਕਰਨ ਮੌਕੇ ਕੀਤਾ।ਇਸ ਮੌਕੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਲ ਫ਼ਾਊਡੇਸ਼ਨ ਧਾਮ ਤਲਵੰਡੀ ਖੁਰਦ ਦੇ ਉਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਜੋਧੇਵਾਲ ਦੇ ਮੁਖੀ ਮੁਹੰਮਦ ਜਮੀਲ ਅਨੁਸਾਰ ਬੀਤੇ ਦਿਨ ਕੋਈ ਮਾਪੇ ਆਪਣੀ ਕੁਝ ਦਿਨਾਂ ਦੀ ਬੱਚੀ ਨੂੰ ਕਾਕੋਵਾਲ ਰੋਡ ਤੇ ਪਏ ਖਾਲੀ ਪਲਾਟ ਵਿੱਚ ਛੱਡ ਕੇ ਫਰਾਰ ਹੋ ਗਏ ਸਨ। ਬੱਚੀ ਮਿਲਣ ਉਪਰੰਤ ਉਸ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਇਲਾਕੇ ਦੀ ਸੀਸੀ ਟੀ.ਵੀ ਫੁਟੇਜ਼ ਚੈੱਕ ਕਰਨ ਤੇ ਅਰੋਪੀ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਉਹਨਾਂ ਦੇ ਪਹਿਲਾਂ ਵੀ ਦੋ ਬੱਚੇ ਇੱਕ ਬੇਟਾ ਅਤੇ ਬੇਟੀ ਹਨ ਅਤੇ ਉਹਨਾਂ ਦੇ ਦੂਜੀ ਬੇਟੀ ਹੋਣ ਕਰਕੇ ਉਸ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰਥ ਹਨ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਵਾਰਿਸ ਬੱਚੀ ਦੇ ਮਾਪਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋ ਇਲਵਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਸ਼ੋਸ਼ਲ ਵਰਕਰ ਕਮਲਜੀਤ ਕੌਰ, ਉਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਕੋਅਰਡੀਨੇਟਰ ਅਰਬਿੰਦ ਕੁਮਾਰ, ਏਕਮਦੀਪ ਕੌਰ, ਬਿੰਦੂ ਸਿੰਘ ਅਤੇ ਮਨਿੰਦਰ ਸਿੰਘ ਤੂਰ ਆਦਿ ਹਾਜਰ ਸਨ।