ਜਗਦੀਸ਼ ਥਿੰਦ
ਫਾਜ਼ਿਲਕਾ 13 ਫਰਵਰੀ 2018 :
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਦੇ ਮੰਤਵ ਨੂੰ ਲੈ ਕੇ ਜ਼ਿਲ੍ਹੇ ਅੰਦਰ 15 ਫਰਵਰੀ 2018 ਨੂੰ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਕੱਢੀ ਜਾ ਰਹੀ ਮਸ਼ਾਲ ਦੀ ਪ੍ਰਾਪਤੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਪੰਨੀਵਾਲਾ ਫੱਤਾ ਤੋਂ ਹੋਵੇਗੀ। ਇਹ ਮਸ਼ਾਲ ਮਾਰਚ ਡੀ.ਸੀ. ਕੰਪਲੈਕਸ ਤੋਂ ਸ਼ੁਰੂ ਹੋ ਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇਗਾ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਸ. ਕੁਲਵੰਤ ਸਿੰਘ ਨੇ ਦਿੱਤੀ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਕਰਵਾਉਣ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ 'ਤੇ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਹੋਰ ਦੱਸਿਆ ਕਿ ਇਹ ਮਸ਼ਾਲ ਮਾਰਚ ਦਫਤਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਟੀ.ਵੀ. ਟਾਵਰ, ਢਾਣੀ ਗੁਲਾਬ ਰਾਮ, ਚੁਵਾੜਿਆਂ ਵਾਲੀ, ਪੂਰਨ ਪੱਟੀ, ਚੱਕ ਡੱਬ ਵਾਲਾ, ਬੰਨ ਵਾਲਾ, ਜੋੜਕੀ ਅੰਧੇਵਾਲਾ, ਚਿਮਨੇਵਾਲਾ, ਚੱਕ ਪੱਖੀ, ਹੋਜ਼ਖਾਸ, ਛੱਪੜੀਵਾਲਾ, ਚੱਕ ਬੁੱਧੋ ਕੇ, ਚੱਕ ਦੁਮਾਲ, ਬਾਹਮਣੀ ਵਾਲਾ, ਝੁਗੇ ਜਵਾਹਰ ਸਿੰਘ ਵਾਲਾ, ਜਲਾਲਾਬਾਦ, ਅਮੀਰ ਖਾਸ ਤੇ ਮਾਹਮੂ ਜੋਇਆ ਆਦਿ ਪਿੰਡਾਂ ਤੱਕ ਪਹੁੰਚੇਗਾ।