ਜਗਦੀਸ਼ ਥਿੰਦ
ਫਾਜ਼ਿਲਕਾ 12 ਫਰਵਰੀ 2018 :
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੂਬੇ ਦੀ ਸਭ ਤੋਂ ਪਹਿਲੀ ਸਾਡੀ ਰਸੋਈ ਤੋਂ ਹੁਣ ਤੱਕ ਜ਼ਿਲ੍ਹੇ ਦੇ ਇਕ ਲੱਖ ਤੋਂ ਵਧੇਰੇ ਗਰੀਬ ਤੇ ਜ਼ਰੂਰਤਵੰਦ ਲੋਕ ਖਾਣਾ ਖਾ ਚੁੱਕੇ ਹਨ। ਸਿਵਲ ਹਸਪਤਾਲ ਨਜ਼ਦੀਕ 15 ਅਪ੍ਰੈਲ 2017 ਨੂੰ ਸ਼ੁਰੂ ਕੀਤੀ ਗਈ ਇਸ ਰਸੋਈ ਨੂੰ ਚਲਾਉਣ ਲਈ ਜ਼ਿਲ੍ਹੇ ਦੀਆਂ ਵਪਾਰਕ, ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀ ਰਸੋਈ ਆਮ ਤੌਰ 'ਤੇ ਦੂਰ-ਦਰਾਡੇ ਪਿੰਡਾਂ ਤੋਂ ਸ਼ਹਿਰ ਕੰਮ-ਕਾਜ ਕਰਨ ਲਈ ਆਉਣ ਵਾਲੇ ਮਜ਼ਦੂਰਾਂ, ਹਸਪਤਾਲ ਵਿੱਚ ਦਵਾਈ ਲੈਣ ਲਈ ਆਉਣ ਵਾਲੇ ਮਰੀਜਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਹਿਯੋਗੀਆ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ ਅਤੇ ਰੋਜ਼ਗਾਰ ਦੀ ਤਲਾਸ਼ ਵਿੱਚ ਸ਼ਹਿਰ ਆਉਣ ਵਾਲੇ ਬੇਰੁਜ਼ਗਾਰ ਨੌਜਵਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਰਸੋਈ ਨੂੰ ਚਲਾਉਣ ਲਈ ਕਰਿਆਨਾ ਯੂਨੀਅਨ, ਵਪਾਰ ਮੰਡਲ, ਆੜਤੀ ਐੇਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਅਤੇ ਆਫੀਸਰਜ਼ ਕਲੱਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਐਸੋਸੀਏਸ਼ਨਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਤੇ ਐਸੋਸੀਏਸ਼ਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਸਾਡੀ ਰਸੋਈ ਨੂੰ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਜਿਸ ਤਰ੍ਹਾਂ ਸਹਿਯੋਗ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸਹਿਯੋਗ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਹੋਰ ਸਮਾਜ ਸੇਵੀ ਤੇ ਐਸੋਸੀਏਸ਼ਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਡੀ ਰਸੋਈ ਨੂੰ ਸਫਲਤਾਪੂਰਵਕ ਤਰੀਕੇ ਨਾਲ ਜਾਰੀ ਰੱਖਣ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ ਨੇ ਦੱਸਿਆ ਕਿ ਗਰੀਬ ਤੇ ਜ਼ਰੂਰਤਵੰਦਾਂ ਲੋਕਾਂ ਲਈ ਚਲਾਈ ਗਈ ਸਾਡੀ ਰਸੋਈ ਤੋਂ ਹੁਣ ਤੱਕ 100434 ਲੋਕ ਪੇਟ ਭਰ ਖਾਣਾ ਖਾ ਚੁੱਕੇ ਹਨ। ਜ਼ਰੂਰਤਵੰਦਾਂ ਨੂੰ ਇਸ ਰਸੋਈ ਤੋਂ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਸੋਈ ਵਿੱਚ ਖਾਣਾ ਬਨਾਉਣ ਲਈ 7 ਮਾਹਿਰ ਮਹਿਲਾਵਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਰਸੋਈ ਵਿੱਚ ਖਾਣੇ ਦਾ ਟਾਈਮ ਸਵੇਰ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੈ।