ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਮਾਰਕੀਟ ਕਮੇਟੀ ਬਸੀ ਪਠਾਣਾ ਵਿਖੇ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਸਬੰਧੀ ਜਾਣਕਾਰੀ ਦਿੰਦੇ ਹੋਏ।
ਫ਼ਤਹਿਗੜ੍ਹ ਸਾਹਿਬ, 19 ਜਨਵਰੀ 2018 : ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਾਜ ਦੀਆਂ 16,000 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦੀ ਯੋਜਨਾ ਉਲੀਕੀ ਗਈ ਹੈ ਜਿਸ 'ਤੇ 2000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਮਾਰਕੀਟ ਕਮੇਟੀ ਬਸੀ ਪਠਾਣਾ ਦੇ ਦਫ਼ਤਰ ਵਿਖੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਲੀਕੀ ਗਈ ਇਸ ਯੋਜਨਾ ਅਧੀਨ ਬਸੀ ਪਠਾਣਾ ਹਲਕੇ ਦੀਆਂ ਲਗਭਗ 330.65 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ 'ਤੇ ਕਰੀਬ 46 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਮੁਰੰਮਤ ਨਾਲ ਜਿਥੇ ਹਲਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਵਿਧਾਇਕ ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰਾਜ ਦੇ ਵਿਕਾਸ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਅਤੇ ਰਾਜ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਵਿਸ਼ਵਾਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ ਉਸ ਵਿਸ਼ਵਾਸ਼ ਨੂੰ ਇਸੇ ਤਰ੍ਹਾਂ ਕਾਇਮ ਰੱਖਿਆ ਜਾਵੇਗਾ ਅਤੇ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ । ਉਨ੍ਹਾਂ ਬਸੀ ਪਠਾਣਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰੇ ਪਿੰਡਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਸਤਬੀਰ ਸਿੰਘ ਨੌਗਾਵਾਂ, ਓਮ ਪ੍ਰਕਾਸ਼ ਮੁਖੀਜਾ, ਅਨੂਪ ਸਿੰਗਲਾ, ਰਮੇਸ਼ ਗੁਪਤਾ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾ, ਰਮੇਸ਼ ਕੁਮਾਰ, ਜਸਵੰਤ ਸਿੰਘ ਵੈਦਬਾਣ, ਨਿਰਮਲ ਸਿੰਘ ਨੇਤਾ, ਕੌਰ ਸਿੰਘ ਦੇਦੜਾਂ, ਸ਼ਾਮ ਗੌਤਮ, ਸੰਦੀਪ, ਮਨਦੀਪ ਕੰਗ, ਜਗਤੇਜ ਸਿੰਘ ਜੱਗਾ, ਲਾਲਾ ਕੰਗ ਮਾਰਵਾ, ਦਵਿੰਦਰ ਸਿੰਘ ਸ਼ਹੀਦਗੜ੍ਹ, ਡਾ. ਸਿਕੰਦਰ ਸਿੰਘ, ਮਨਦੀਪ ਸਿੰਘ ਬੈਂਸ, ਅਸ਼ੋਕ ਗੌਤਮ, ਜਸਵੀਰ ਸਿੰਘ, ਗੁਰਮੀਤ ਸਿੰਘ ਬਸੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।