ਇੱਕ ਸਕੂਲ 'ਚ ਸੈਮੀਨਾਰ ਦੌਰਾਨ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਟ੍ਰੈਫਿਕ ਇੰਚਾਰਜ ਰਵੀ ਕੁਮਾਰ, ਏ.ਐਸ.ਆਈ ਕੁਲਦੀਪ ਕੁਮਾਰ ਤੇ ਹੋਰ।
ਫ਼ਿਰੋਜ਼ਪੁਰ 18 ਜਨਵਰੀ 2018 (ਗੁਰਿੰਦਰ ਸਿੰਘ) :
ਟ੍ਰੈਫਿਕ ਪੁਲਿਸ ਵੱਲੋਂ ਰਾਜ ਭਰ ਵਿੱਚ 17 ਤੋਂ 23 ਜਨਵਰੀ ਤੱਕ ਮਨਾਏ ਜਾ ਰਹੇ ਟ੍ਰੈਫਿਕ ਸੜਕ ਸੁਰੱਖਿਆ ਹਫ਼ਤੇ ਦੇ ਚੱਲਦਿਆਂ ਡੀ.ਜੀ.ਪੀ ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਦੇ ਹੁਕਮਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਅੰਦਰ ਮੁਹਿੰਮ ਚਲਾਈ ਜਾ ਰਹੀ ਹੈ।
ਫ਼ਿਰੋਜ਼ਪੁਰ ਕੈਂਟ ਵਿਖੇ ਇੱਕ ਟਰਾਲੀ ਦੇ ਪਿੱਛੇ ਰਿਫਲੈਕਟਰ ਲਗਾਉਂਦੇ ਐਸ.ਪੀ (ਡੀ) ਅਜਮੇਰ ਸਿੰਘ ਬਾਠ
ਇਸੇ ਤਹਿਤ ਕੈਂਟ ਟ੍ਰੈਫਿਕ ਪੁਲਿਸ ਵੱਲੋ ਅੱਜ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਰਪੈਕਟਰ ਰਵੀ ਕੁਮਾਰ ਦੀ ਅਗਵਾਈ ਵਿੱਚ ਗੁਰੂ ਨਾਨਕ ਟੈਕਸੀ ਸਟੈਂਡ, ਛੋਟਾ ਹਾਥੀ ਯੂਨੀਅਨ, ਪਿੱਕ ਅੱਪ ਯੂਨੀਅਨ, ਡੀ.ਸੀ.ਐਮ ਜੈਨ ਸੀਨੀਅਰ ਸੈਕੰਡਰੀ ਸਕੂਲ ਅਤੇ ਕੈਂਟੋਨਮੈਂਟ ਬੋਰਡ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਸੈਮੀਨਾਰ ਆਯੋਜਿਤ ਕੀਤੇ ਗਏ। ਕੈਂਟ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਹਾਇਕ ਥਾਣੇਦਾਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ ਤੋਂ ਸ਼ੁਰੂ ਹੋਏ ਟ੍ਰੈਫਿਕ ਹਫਤੇ ਦੀ ਆਰੰਭਤਾ 'ਤੇ ਛਾਉਣੀ ਖੇਤਰ ਵਿੱਚ ਐਸ.ਪੀ.(ਡੀ) ਅਜਮੇਰ ਸਿੰਘ ਬਾਠ ਦੀ ਅਗਾਵਈ ਵਿੱਚ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਅੱਜ ਦੂਜੇ ਦਿਨ ਵੱਖ ਵੱਖ ਯੂਨੀਅਨਾਂ ਵਿੱਚ ਕੀਤੇ ਸੈਮੀਨਾਰਾਂ ਦੌਰਾਨ ਟ੍ਰੈਫਿਕ ਪੁਲਿਸ ਦੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਬਲਦੇਵ ਕ੍ਰਿਸ਼ਨ ਦੀ ਅਗਵਾਈ ਵਿੱਚ ਹੌਲਦਾਰ ਲਖਵਿੰਦਰ ਸਿੰਘ ਨੇ ਵਾਹਨ ਚਲਾਕਾਂ ਨੂੰ ਸੜਕੀ ਨਿਯਮਾਂ ਦੀ ਪਾਲਨਾ ਕਰਨ, ਓਵਰ ਸਪੀਡ ਗੱਡੀ ਨਾ ਚਲਾਉਣ ਅਤੇ ਆਪਣੇ ਵਾਹਨ ਦੇ ਕਾਗਜ਼ਾਤ ਪੂਰੇ ਰੱਖਣ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਲਈ ਪ੍ਰੇਰਿਤ ਕੀਤਾ।
ਸਕੂਲਾਂ ਵਿੱਚ ਕੀਤੇ ਸੈਮੀਨਾਰਾਂ ਦੌਰਾਨ ਵੱਖ ਵੱਖ ਬੁਲਾਰਿਆਂ ਨੌਜਵਾਨਾਂ ਨੂੰ ਆਗਾਹ ਕਰਦਿਆਂ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕਿਸੇ ਵੀ ਵਾਹਨ ਨੂੰ ਨਾ ਚਲਾਉਣ ਅਤੇ ਆਪਣੀ ਉਮਰ ਸੀਮਾ ਪੂਰੀ ਹੋਣ 'ਤੇ ਡਰਾਈਵਿੰਗ ਲਾਈਸੰਸ ਹਾਸਲ ਕਰਨ ਉਪਰੰਤ ਹੀ ਵਾਹਨ ਚਲਾਉਣ, ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨਾ ਯਕੀਨੀ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣ। ਇਸ ਮੌਕੇ ਹਵਲਦਾਰ ਅਰਜਨ ਸਿੰਘ, ਹਵਾਲਦਾਰ ਗੁਰਮੀਤ ਸਿੰਘ, ਮਲਕੀਤ ਸਿੰਘ ਅਤੇ ਬਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।