ਪਟਿਆਲਾ 12 ਜਨਵਰੀ 2018: ਸਵਾਮੀ ਵਿਵੇਕਾਨੰਦ ਦੇ 155 ਵੇਂ ਜਨਮ ਦਿਨ ’ਤੇ ਰਾਸ਼ਟਰੀ ਯੁਵਕ ਦਿਵਸ ਮੌਕੇ ਪੀ.ਆਰ.ਟੀ.ਸੀ ਸਿਖਲਾਈ ਸਕੂਲ ਵਿਖੇ ਚੇਅਰਮੈਨ ਸ਼੍ਰੀ ਕੇ ਕੇ ਸ਼ਰਮਾ ਅਤੇ ਐਮ.ਡੀ ਸ਼੍ਰੀ ਮਨਜੀਤ ਸਿੰਘ ਨਾਰੰਗ ਦੀ ਸਰਪ੍ਰਸਤੀ ਹੇਠ ਆਪਣੀ ਸਿਹਤ ਸੁਰੱਖਿਆ, ਜ਼ੁੰਮੇਵਾਰੀਆਂ ਅਤੇ ਰਾਸ਼ਟਰ ਦੀ ਉੱਨਤੀ ਹਿਤ ਸਖ਼ਤ ਮਿਹਨਤ ਕਰਨ ਦਾ ਸੁਨੇਹਾ ਸਟਾਫ਼ ਨੂੰ ਦਿੰਦੇ ਹੋਏ ਸਮਾਗਮ ਕੀਤਾ ਗਿਆ।
ਇਸ ਮੌਕੇ ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਸਵਾਮੀ ਵਿਵੇਕਾਨੰਦ ਦੀ ਜ਼ਿੰਦਗੀ ਉੱਪਰ ਝਾਤ ਪਾਉਂਦਿਆਂ ਦੱਸਿਆਂ ਕਿ ਉਨ੍ਹਾਂ ਆਪਣੀ 39 ਸਾਲਾ ਜ਼ਿੰਦਗੀ ਵਿੱਚ 20 ਸਾਲਾ ਦੇਸ਼, ਸਮਾਜ ਅਤੇ ਸੰਸਾਰ ਦੀ ਉੱਨਤੀ, ਲੋਕਾਂ ਦੀ ਜਾਗ੍ਰਿਤੀ, ਰਾਸ਼ਟਰ ਪ੍ਰੇਮ ਅਤੇ ਫ਼ਰਜ਼ਾਂ ਜ਼ੁੰਮੇਵਾਰੀਆਂ ਦੀ ਵਫ਼ਾਦਾਰੀ ਨਾਲ ਪੂਰਤੀ ਕਰਨ ਵਿੱਚ ਗੁਜ਼ਾਰੇ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸਖ਼ਤ ਮਿਹਨਤ ਅਤੇ ਆਪਣੇ ਖੇਤਰ ਵਿੱਚ ਹਰ ਵੇਲੇ ਕੁੱਝ ਚੰਗਾ ਤੇ ਵਧੀਆਂ ਕਰਨ ਦੀ ਭਾਵਨਾ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਚਾਹੇ ਕਿਸੇ ਵੀ ਉਮਰ ਵਿੱਚ ਹੋਏ ਨੌਜਵਾਨ ਹੈ ਜਿਸ ਦਾ ਮਨ ਤੇ ਆਤਮਾ ਆਪਣੇ ਫ਼ਰਜ਼ ਅਤੇ ਜ਼ੁੰਮੇਵਾਰੀਆਂ ਪਹਿਚਾਣਦੇ ਹੋਣ।
ਇਸ ਮੌਕੇ ਫ਼ਸਟ ਏਡ ਸਿਹਤ ਸੇਫ਼ਟੀ ਮਿਸ਼ਨ ਦੇ ਪ੍ਰਧਾਨ ਟਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜਿੱਲ੍ਹਾ ਟ੍ਰੇਨਿੰਗ ਅਫ਼ਸਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ 14 ਸਾਲਾ ਦੀ ਉਮਰ ਵਿੱਚ ਨਰਿੰਦਰ ਦੱਤ ਦੇ ਪਿਤਾ ਦੀ ਮੌਤ ਮਗਰੋਂ ਪਰਿਵਾਰਕ ਜ਼ੁੰਮੇਵਾਰੀਆਂ ਤੇ ਸਮੱਸਿਆਵਾਂ ਦੀ ਪੂਰਤੀ ਹਿਤ ਸਵਾਮੀ ਵਿਵੇਕਾਨੰਦ ਨੇ ਗੁਰੂ ਗੋਬਿੰਦ ਸਿੰਘ ਜੀ ,ਭਗਵਾਨ ਸ਼੍ਰੀ ਕ੍ਰਿਸ਼ਨ, ਭਗਵਤ ਗੀਤਾ, ਮਹਾਂਭਾਰਤ ਗ੍ਰੰਥ ਅਤੇ ਆਪਣੇ ਗੁਰੂ ਸਵਾਮੀ ਪਰਮ ਹੰਸ ਤੋਂ ਮਹਾਨ ਗਿਆਨ ਲੈ ਕੇ ਦੁਨੀਆ ਦੇ ਕੋਨੇ ਕੋਨੇ ਵਿੱਚ ਅਤੇ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਜਾ ਕੇ ਧਰਮ, ਫ਼ਰਜ਼, ਜ਼ਿੰਮੇਵਾਰੀਆਂ, ਨਿਯਮਾਂ ਅਤੇ ਅਸੂਲ ਹਰੇਕ ਕਾਰਜ ਕਰਨ ਹਿਤ ਆਤਮ ਵਿਸ਼ਵਾਸ, ਸਿਹਤ ਅਤੇ ਸੁਰੱਖਿਆ ਦੀ ਉੱਨਤੀ ਬਾਰੇ ਸਮਝਾਇਆ। ਉਨ੍ਹਾਂ ਵਲੋਂ ਪੀ.ਆਰ.ਟੀ.ਸੀ ਟ੍ਰੇਨਿੰਗ ਸਕੂਲ ਵਿਖੇ ਲਗਾਤਾਰ ਮੁੱਢਲੀ ਸਹਾਇਤਾ ਅਤੇ ਸੜਕ ਸੁਰੱਖਿਆ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਮੌਕੇ ਜਨਰਲ ਮੈਨੇਜਰ ਸ਼੍ਰੀ ਆਰ ਐਸ ਔਲਖ ਨੇ ਚੇਅਰਮੈਨ, ਐਮ ਡੀ ਅਤੇ ਬਾਹਰੋਂ ਆਏ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ।