ਜਗਦੀਸ਼ ਥਿੰਦ
ਫਾਜ਼ਿਲਕਾ 13 ਦਸੰਬਰ 2017 :
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਜ਼ਿਲ੍ਹੇ ਅੰਦਰ ਇਸ ਵਾਰ ਨਰਮੇ-ਕਪਾਹ ਦੀ ਹੋਈ ਭਰਪੂਰ ਪੈਦਾਵਾਰ ਤੋਂ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਸ ਸਾਲ ਜ਼ਿਲ੍ਹੇ ਅੰਦਰ 12 ਦਸੰਬਰ 2017 ਤੱਕ 5 ਲੱਖ 26 ਹਜ਼ਾਰ 992 ਕੁਇੰਟਲ ਨਰਮੇ ਦੀ ਮੰਡੀਆਂ ਵਿੱਚ ਆਮਦ ਹੋਈ ਹੈ ਜਦੋਂ ਕਿ ਪਿਛਲੇ ਸਾਲ ਦੇ ਇਸ ਦਿਨ ਤੱਕ 3 ਲੱਖ 93 ਹਜ਼ਾਰ 670 ਕੁਇੰਟਲ ਹੋਈ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 1 ਲੱਖ 33 ਹਜ਼ਾਰ 922 ਕੁਇੰਟਲ ਵਧੇਰੇ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
> ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ. ਬੇਅੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਵਰ੍ਹੇ 74655 ਹੈਕਟੇਅਰ ਨਰਮਾ ਜਿਸ ਵਿੱਚ ਅਬੋਹਰ ਬਲਾਕ ਵਿੱਚ 35200 ਹੈਕਟੇਅਰ ਰਕਬਾ, ਖੂਈਆਂ ਸਰਵਰ ਬਲਾਕ ਵਿੱਚ 28100 ਹੈਕਟੇਅਰ, ਫਾਜ਼ਿਲਕਾ ਵਿੱਚ 10545 ਹੈਕਟੇਅਰ ਅਤੇ ਜਲਾਲਾਬਾਦ ਬਲਾਕ ਵਿੱਚ 810 ਹੈਕਟੇਅਰ ਰਕਬਾ ਨਰਮੇ ਦੀ ਬਿਜਾਈ ਕੀਤੀ ਗਈ ਜਦੋ ਕਿ ਪਿਛਲੇ ਵਰ੍ਹੇ 36240 ਹੈਕਟੇਅਰ ਨਰਮੇ ਦੀ ਬਿਜਾਈ ਕੀਤੀ ਗਈ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਨਰਮੇ ਦੀ ਪੈਦਾਵਾਰ ਲਈ ਪਾਏ ਗਏ ਵਧੀਆ ਯੋਗਦਾਨ ਬਦਲੇ ਮੁੱਖ ਖੇਤੀਬਾੜੀ ਅਫਸਰ ਸ. ਬੇਅੰਤ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਹੈ।
> ਮੁੱਖ ਖੇਤੀਬਾੜੀ ਅਫਸਰ ਨੇ ਇਸ ਵਰ੍ਹੇ ਹੋਈ ਭਰਪੂਰ ਫਸਲ ਸਬੰਧੀ ਦੱਸਿਆ ਕਿ ਨਰਮੇ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਚਲਾਈ ਗਈ ਇਕ ਵਿਸ਼ੇਸ਼ ਨਦੀਨ ਮਾਰੂ ਮੁਹਿੰਮ ਲਾਹੇਵੰਦ ਸਾਬਿਤ ਹੋਈ ਹੈ। ਇਸ ਤੋਂ ਇਲਾਵਾ ਨਰਮੇ ਦੀ ਬਿਜਾਈ ਤੋਂ ਲੈ ਕੇ ਫਸਲ ਦੇ ਪੱਕਣ ਤੱਕ ਵਿਭਾਗ ਵੱਲੋਂ ਹਰ ਤਰ੍ਹਾਂ ਨਾਲ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਦੇ ਮਾਹਰਾਂ ਵੱਲੋਂ ਸਿਫਾਰਸ਼ ਕੀਤੀਆਂ ਸਪਰੇਆਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਇਸ ਸਾਲ ਨਰਮੇ ਦੀ ਭਰਪੂਰ ਮਾਤਰਾ ਵਿੱਚ ਪੈਦਾਵਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਪੈਦਾਵਾਰ ਨੂੰ ਵਧਾਉਣ ਅਤੇ ਚਿੱਟੀ ਮੱਖੀ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ 2 ਪਿੰਡਾਂ ਪਿੱਛੇ 1 ਸਕਾਉਟ ਅਤੇ 1 ਬਲਾਕ ਪਿੱਛੇ 2 ਸੁਪਰਵਾਈਜ਼ਰ ਸਪੈਸ਼ਲ ਰੱਖੇ ਗਏ ਸਨ ਜਿੰਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਤੇ ਚੰਗੀ ਕੁਆਲਿਟੀ ਦੇ ਬੀਜ, ਪੈਸਟੀਸਾਈਡ ਅਤੇ ਖਾਦਾਂ ਦੀ ਵਰਤੋਂ ਕਰਨ ਲਈ ਵੀ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੈਰ ਸਿਫਾਰਸ਼ੀ ਦਵਾਈਆਂ ਕਰਨ ਤੋਂ ਰੋਕਣ ਅਤੇ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦੇਣ ਨਾਲ ਜਿੱਥੇ ਨਰਮੇ ਦੀ ਭਰਪੂਰ ਫਸਲ ਹੋਈ ਹੈ ਉਥੇ ਕਿਸਾਨਾਂ ਦੇ ਨਾਜਾਇਜ਼ ਖੇਤੀ ਖਰਚਿਆਂ 'ਤੇ ਵੀ ਠੱਲ ਪਾਈ ਗਈ ਹੈ।
> ਖੇਤੀਬਾੜੀ ਵਿਕਾਸ ਅਫਸਰ ਸ੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਭਰਪੂਰ ਫਸਲ ਲਈ ਅਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਸਬੰਧੀ ਜ਼ਿਲ੍ਹਾ ਪੱਧਰ 'ਤੇ ਫਾਜ਼ਿਲਕਾ ਵਿਖੇ ਕਿਸਾਨ ਸਿਖਲਾਈ ਕੈਂਪ ਅਤੇ ਅਬੋਹਰ ਵਿਖੇ ਕਪਾਹ ਸਬੰਧੀ ਕਿਸਾਨ ਗੋਸ਼ਟੀ ਤੋਂ ਇਲਾਵਾ ਜ਼ਿਲ੍ਹੇ ਦੇ 160 ਪਿੰਡਾਂ ਅਤੇ ਬਲਾਕ ਪੱਧਰ 'ਤੇ ਲਗਪਗ 800 ਕੈਂਪ ਲਗਾ ਕੇ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਿੰਡਾਂ ਵਿੱਚ ਪ੍ਰਚਾਰ ਵੈਨਾਂ ਰਾਹੀਂ ਅਤੇ ਪੈਂਫਲੈਂਟ ਵੰਡ ਕੇ ਵੀ ਜਾਗਰੂਕ ਕੀਤਾ ਗਿਆ।