ਜਗਦੀਸ਼ ਥਿੰਦ
ਫਾਜ਼ਿਲਕਾ 12 ਦਸੰਬਰ 2017 :
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿੱਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ( ਮਗਨਰੇਗਾ ਕਿਰਤੀ ਵੱਜੋਂ ਉਸਾਰੀ ਕੰਮਾਂ ਵਿਚ ਸਾਲ ਦੌਰਾਨ 50 ਦਿਨ ) ਕੰਮ ਕੀਤਾ ਹੋਵੇ, ਬੋਰਡ ਦਾ ਮੈਂਬਰ ਬਣ ਸਕਦਾ ਹੈ। ਬੋਰਡ ਦਾ ਮੈਂਬਰ ਬਣਨ ਲਈ ਕੇਵਲ ਇਕ ਵਾਰ 25 ਰੁਪਏ ਰਜ਼ਿਸਟ੍ਰੇਸ਼ਨ ਫੀਸ ਦੇ ਨਾਲ ਅਰਜ਼ੀ ਫਾਰਮ ਭਰ ਕੇ ਹਲਕੇ ਦੇ ਸਹਾਇਕ ਕਿਰਤ ਕਮਿਸ਼ਨਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਲਾਜ਼ਮੀ ਹੋਵੇਗੀ। ਇਸ ਦੀ ਮੈਂਬਰਸ਼ਿਪ ਚੱਲਦੀ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ। ਜ਼ਿਲ੍ਹੇ ਅੰਦਰ ਹੁਣ ਤੱਕ 8 ਹਜ਼ਾਰ ਲਾਭਪਾਤਰੀਆਂ ਵੱਲੋਂ ਸਕੀਮਾਂ ਦਾ ਲਾਭ ਲੈਣ ਲਈ ਆਨਲਾਈਨ ਅਪਲਾਈ ਕੀਤਾ ਜਾ ਚੁੱਕਾ ਹੈ।
> ਭਲਾਈ ਸਕੀਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਰਤ ਇਸੰਪੈਕਟਰ ਸ੍ਰੀ ਅਜੈ ਕੁਮਾਰ ਨੇ ਦੱਸਿਆ ਕਿ ਬੋਰਡ ਵੱਲੋਂ ਲਾਭਪਾਤਰੀਆਂ ਲਈ ਵਿਸ਼ੇਸ਼ ਕਿਰਤ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੋਰਡ ਦੀ ਐਕਸ੍ਰੇਸ਼ੀਆ ਸਕੀਮ ਅਧੀਨ ਲਾਭਪਾਤਰੀਆਂ ਦੀ ਐਕਸੀਡੈਂਟਲ ਮੌਤ ਹੋਣ 'ਤੇ ਜਾਂ ਪੂਰਨ 100 ਫੀਸਦੀ ਅੰਪਗਤਾ ਦੀ ਸੂਰਤ ਵਿਚ 4 ਲੱਖ ਰੁਪਏ, ਕੁਦਰਤੀ ਮੌਤ ਹੋਣ ਤੇ 3 ਲੱਖ ਰੁਪਏ ਅਤੇ ਅੰਸ਼ਕ ਅੰਪਗਤਾ ਕੇਸਾਂ ਵਿਚ 4 ਲੱਖ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਲਈ 70,000 ਰੁਪਏ ਤੱਕ ਦਾ ਸਲਾਨਾ ਵਜੀਫ਼ਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪੰਜਾਬ ਰਾਜ ਵਿਚ 9ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਮੁਫ਼ਤ ਸਾਈਕਲ ਦੇਣ ਸਬੰਧੀ ਵੀ ਸਕੀਮ ਹੈ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਲਈ 50,000 ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਅਤੇ ਲਾਭਪਾਤਰੀ ਦੀ ਦੁਰਘਟਨਾ ਵਿਚ ਮੌਤ ਹੋ ਜਾਣ ਜਾਂ ਪੂਰਨ ਤੌਰ ਤੇ 100 ਫੀਸਦੀ ਅੰਪਗ ਹੋ ਜਾਣ ਦੀ ਸੂਰਤ ਵਿਚ 5 ਲੱਖ ਰੁਪਏ ਦੇ ਬੀਮੇ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।
> ਕਿਰਤ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਯੋਗ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਦੇ ਯੰਤਰ ਲਗਾਉਣ ਲਈ ਕ੍ਰਮਵਾਰ ( 800, 5000 ਅਤੇ 6000 ਰੁਪਏ ) ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ 31 ਹਜ਼ਾਰ ਰੁਪੲੈ ਦੀ ਸ਼ਗਨ ਸਕੀਮ, ਪੰਜੀਕ੍ਰਿਤ ਇਸਤਰੀ ਕਿਰਤੀ ਆਪਣੇ ਵਿਆਹ ਲਈ ਇਸ ਸਕੀਮ ਦਾ ਲਾਭ ਉਠਾ ਸਕਦੀ ਹੈ। ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ 2 ਹਜ਼ਾਰ ਰੁਪਏੋ ਐਲ.ਟੀ.ਸੀ.ਦੀ ਸੁਵਿਧਾ ( ਹਰ ਦੋ ਸਾਲ ਬਾਅਦ ) ਦਿੱਤੀ ਜਾਂਦੀ ਹੈ। ਉਸਾਰੀ ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਅਤੇ ਕ੍ਰਿਆ ਕ੍ਰਮ ਲਈ ਸਕੀਮ ਵਿਚ 20,000 ਰੁਪਏ ਦਿੱਤੇ ਜਾ ਰਹੇ ਹਨ।
> ਕਿਰਤ ਇੰਸਪੈਕਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਕੰਮਾਂ ਵਿਚ ਲੱਗੇ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਨਿਰਧਾਰਤ ਖਤਰਨਾਕ ਬਿਮਾਰੀਆਂ ਦੇ ਇਲਾਜ ਦੇ ਖਰਚੇ ਸਬੰਧੀ 1 ਲੱਖ ਰੁਪਏ ਤੱਕ ਪ੍ਰਤੀ ਪੂਰਤੀ ਬਾਰੇ ਸਕੀਮ ਤੋਂ ਇਲਾਵਾ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਕਿੱਲ ਅਪਗ੍ਰੇਡਸ਼ਨ ਅਤੇ ਵੋਕੇਸ਼ਨਲ ਐਜੂਕੇਸ਼ਨ ਸਕੀਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਬੋਰਡ ਦੇ ਲਾਭਪਤਾਰੀਆਂ ਲਈ 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਪੈਨਸ਼ਨ ਸਕੀਮ ( ਘੱਟੋ ਘੱਟ 12000 ਅਤੇ ਵੱਧ ਤੋਂ ਵੱਧ 25000 ਰੁਪਏ ਪ੍ਰਤੀ ਸਾਲ ) ਅਤੇ ਬੋਰਡ ਦੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਸਕੀਮ ਅਧੀਨ 20 ਹਜ਼ਾਰ ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਸਾਰੀ ਕੰਮਾਂ ਵਿਚ ਲੱਗੇ ਪੰਜੀਕ੍ਰਿਤ ਲਾਭਪਾਤਰੀ ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21000 ਰੁਪਏ ਅਤੇ ਪੁਰਸ਼ ਲਾਭਪਾਤਰੀ ਨੂੰ 5000 ਰੁਪਏ ਪ੍ਰਤੀ ਬੱਚਾ ਹਿਸਾਬ ਨਾਲ ਜਣੇਪਾ ਲਾਭ ਅਤੇ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000 ਰੁਪਏ ਸਲਾਨਾ ਵਿੱਤੀ ਸਹਾਇਤਾ ਸਕੀਮ, ਉਸਾਰੀ ਕਿਰਤੀਆਂ ਨੂੰ ਟੂਲਜ਼ ( ਸੰਦ ) ਖਰੀਦਣ ਲਈ 3000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆਂ ਕਰਵਾਈ ਜਾ ਰਹੀ ਹੈ।