ਜਗਦੀਸ਼ ਥਿੰਦ
ਫਾਜ਼ਿਲਕਾ 9 ਦਸੰਬਰ 2019 :
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇੰਨ੍ਹਾਂ ਉਪਰਾਲਿਆਂ ਤਹਿਤ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਖੇਡ ਮੁਕਾਬਲਿਆਂ ਲਈ 25 ਸਾਲ ਦੀ ਉਮਰ ਤੱਕ ਦੇ ਲੜਕੇ-ਲੜਕੀਆਂ ਭਾਗ ਲੈ ਸਕਦੇ ਹਨ। ਇਹ ਮੁਕਾਬਲੇ 14 ਅਤੇ 15 ਦਸੰਬਰ 2017 ਨੂੰ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣਗੇ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਉਣ-ਜਾਣ ਦਾ ਕਿਰਾਇਆ ਤੇ ਖਾਣਾ ਖੇਡ ਵਿਭਾਗ ਵੱਲੋਂ ਮੁਫਤ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਟੇਬਲ ਟੈਨਿਸ, ਖੋਹ-ਖੋਹ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇੰਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਦੀ ਉਮਰ 31 ਦਸੰਬਰ 2017 ਤੱਕ 25 ਸਾਲ ਦੀ ਹੋਣੀ ਲਾਜ਼ਮੀ ਹੈ, ਭਾਵ ਖਿਡਾਰੀ ਦਾ ਜਨਮ 1 ਜਨਵਰੀ 1993 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜੋ ਖਿਡਾਰੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਹਨ ਉਹ ਆਪਣੇ ਜਨਮ ਵਾਲੇ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ ਜਾਂ ਜਿਸ ਜ਼ਿਲ੍ਹੇ ਵਿੱਚ ਉਹ ਵਿੱਦਿਆ ਗ੍ਰਹਿਣ ਕਰ ਰਹੇ ਹਨ ਉਸ ਜ਼ਿਲ੍ਹੇ ਵੱਲੋਂ ਖੇਡ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੋ ਖਿਡਾਰੀ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨੌਕਰੀ ਕਰਦੇ ਹਨ ਉਹ ਆਪਣੇ ਜਨਮ ਵਾਲੇ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਖਿਡਾਰੀ ਦੂਸਰੇ ਰਾਜਾਂ ਨਾਲ ਸਬੰਧ ਰੱਖਦੇ ਹਨ, ਪਰੰਤੂ ਪੰਜਾਬ ਰਾਜ ਵਿੱਚ ਵੱਖ-ਵੱਖ ਮਹਿਕਮਿਆਂ ਵਿੱਚ ਨੌਕਰੀ ਕਰਦੇ ਹਨ ਅਤੇ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕੀਤੀ ਹੈ ਉਹ ਆਪਣੀ ਤੈਨਾਤੀ ਵਾਲੇ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇੰਨ੍ਹਾਂ ਜ਼ਿਲ੍ਹਾ ਪੱਧਰੀ ਹੋਣ ਵਾਲੀਆ ਸਬੰਧਤ ਖੇਡਾਂ 'ਤੇ ਨੈਸ਼ਨਲ ਚੈਂਪੀਅਨਸ਼ਿਪ 'ਤੇ ਲਾਗੂ ਹੋਣ ਵਾਲੇ ਰਾਸ਼ਟਰੀ ਖੇਡ ਫੈਡਰੇਸ਼ਨ ਦੇ ਨਿਯਮ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੀ ਟੀਮ ਦੀ ਲਿਸਟ ਕਲੱਬ ਪ੍ਰਧਾਨ, ਸਕੂਲ ਮੁੱਖੀ, ਕਾਲਜ ਮੁਖੀ, ਸਰਪੰਚ ਗ੍ਰਾਮ ਪੰਚਾਇਤ ਆਦਿ ਤੋਂ ਮੋਹਰ ਸਮੇਤ ਤਸਦੀਕ ਕਰਵਾ ਕੇ 14 ਦਸੰਬਰ 2017 ਤੱਕ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਰਿਪੋਰਟ ਕਰਨ। ਜ਼ਿਲ੍ਹਾ ਖੇਡ ਅਫਸਰ ਨੇ ਇੰਨ੍ਹਾਂ ਮੁਕਾਬਲਿਆਂ ਲਈ ਯੋਗ ਖਿਡਾਰੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਹੈ।