ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਿਖੇ ਬਾਬਾ ਬੁੱਧ ਸਿੰਘ ਦੇ ਜਨਮ ਦਿਨ ਸਬੰਧੀ ਕਰਵਾਏ ਸਮਾਗਮ ਦੇ ਦ੍ਰਿਸ।
ਸਹੀਦ ਭਗਤ ਸਿੰਘ ਨਗਰ 07ਦਸੰਬਰ 2017: ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਬਾਨੀ, ਮਾਨਵਤਾ ਦੇ ਮਸੀਹਾ, ਸਮਾਜ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ੯੩ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਬਾਬਾ ਜੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਮੰਗਲਕਾਮਨਾ ਕਰਦਿਆਂ ਸਮੂਹ ਪ੍ਰਬੰਧਕਾਂ, ਹਸਪਤਾਲ ਸਟਾਫ ਤੇ ਬੀਤ ਅਤੇ ਕੰਡੀ ਦੇ ਇਲਾਕਾ ਵਾਸੀਆਂ ਨੇ ਲੋੜਵੰਦ ਲੋਕਾਂ ਲਈ ਗੁਰੁ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ, ਚਾਂਦਪੁਰ ਰੁੜਕੀ ਮੋੜ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਹਸਪਤਾਲ ਕੰਪਲੈਕਸ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਸ ਉਪਰੰਤ ਭਾਈ ਜੋਗਾ ਸਿੰਘ ਜੀ ਢਾਹਾਂ ਕਲੇਰਾਂ ਵਾਲਿਆਂ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਮੈਡੀਕਲ ਕੈਂਪ ਵਿੱਚ ਵੱਖ-ਵੱਖ ਸਪੈਸ਼ਲਿਸਟੀਆਂ ਦੇ ਮਾਹਿਰ ਡਾ. ਸੰਜੀਵ ਕੁਮਾਰ,ਡਾ ਆਤਮਜੀਤ,ਡਾ ਦੀਪਕ ਆਹੂਜਾ ਹੱਡੀਆਂ ਦੇ ਰੋਗਾਂ ਦੇ ਮਾਹਿਰ, ਡਾ. ਸੱਤਿਆਪ੍ਰਕਾਸ਼ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ,ਡਾ ਕੁਲਵੰਤ ਕੌਰ ਗਾਇਨੀ ਵਿਭਾਗ, ਡਾ ਰੁਪਿੰਦਰ ਕੌਰ, ਡਾ.ਗੁਰਿੰਦਰ ਸਿੰਘ ਸਮੇਤ ਹੋਰ ਮਾਹਿਰ ਡਾਕਟਰਾਂ ਨੇ ਕੈਂਪ ਦੌਰਾਨ ੨੦੦ ਤੋਂ ਵੱਧ ਮਰੀਜ਼ਾਂ ਦਾ ਚੈਕਅੱਪ੍ਹ ਕੀਤਾ। ਕੈਂਪ ਦੌਰਾਨ ਆਏ ਮਰੀਜ਼ਾਂ ਨੂੰ ਟਰੱਸਟ ਵੱਲੋਂ ਮੁਫ਼ਤ ਦਵਾਈਆਂ, ਲੈਬ ਟੈਸਟਾਂ ਅਤੇ ਅਪਰੇਸ਼ਨਾਂ ਵਿੱਚ ੫੦ਫੀਸਦੀ ਛੋਟ ਦਿੱਤੀ ਗਈ। ਕੈਂਪ ਦੌਰਾਨ ੭੦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਲਈ ਚੁਣੇ ਗਏ। ੨੦ ਮਰੀਜ਼ ਗਦੂਦਾਂ, ਹਰਨੀਆਂ ਅਤੇ ਹੋਰ ਬਿਮਾਰੀਆਂ ਤੋਂ ਪੀੜੀਤ ਚੁਣੇ ਗਏ। ਬਾਬਾ ਬੁੱਧ ਸਿੰਘ ਜੀ ਦੇ ੯੩ ਵੇਂ ਜਨਮ ਦਿਵਸ ਦੀ ਖੁਸ਼ੀ ਵਿੱਚ ਆਯੋਜਿਤ ਸਮਾਗਮ ਦੌਰਾਨ ਅਮਰੀਕ ਸਿੰਘ ਕੰਧੋਲਾ ਕੈਨੇਡਾ, ਸੁੱਚਾ ਸਿੰਘ ਕੈਨੇਡਾ, ਪ੍ਰਿੰਸੀਪਲ ਹਰਨਾਮ ਸਿੰਘ ਨਾਗਰਾ ਨੇ ਬੋਲਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਵਰਗੇ ਕਰਮਯੋਗੀ ਬੜੇ ਭਾਗਾਂ ਨਾਲ ਕਿਸੇ ਇਲਾਕੇ ਨੂੰ ਨਸੀਬ ਹੁੰਦੇ ਹਨ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬਾਬਾ ਜੀ ਅਤੇ ਉਨ੍ਹਾਂ ਦੀ ਟੀਮ ਦਾ ਸਹਿਯੋਗ ਦੇਣ ਤਾਂ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਸੇਵਾ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਅਤੇ ਵਿੱਦਿਆ ਦੇ ਅਦਾਰੇ ਸਥਾਪਿਤ ਹੋ ਸਕਣ ਅਤੇ ਹਰ ਲੋੜਵੰਦ ਦੀ ਮਦਦ ਹੋ ਸਕੇ। ਇਸ ਮੌਕੇ 'ਆਜ਼ਾਦ ਰੰਗ ਮੰਚ' ਚੱਕ ਦੇਸ ਰਾਜ ਫਗਵਾੜਾ ਦੇ ਕਲਾਕਾਰਾਂ ਨੇ ਬੀਬਾ ਕੁਲਵੰਤ ਦੇ ਨਿਰਦੇਸ਼ਨਾਂ ਹੇਠ ਅੱਜ ਦੇ ਸਮਾਜ ਅੰਦਰ ਵਾਪਰ ਰਹੇ ਦੁਖਾਂਤ ਭਰੂਣ ਹੱਤਿਆ, ਨਸ਼ਿਆਂ ਨਾਲ ਬਰਬਾਦ ਹੋ ਰਹੀ ਜਵਾਨੀ, ਅਤੇ ਹੋਰ ਸਮਾਜ ਸੁਧਾਰਕ ਵਿਸ਼ਿਆਂ ਤੇ ਕੋਰੀਓਗਾ੍ਰਫੀ ਪੇਸ਼ ਕਰ ਆਪਣੀ ਕਲਾਕਾਰੀ ਦਾ ਲੋਹਾ ਮੰਨਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ:ਅਮਰੀਕ ਸਿੰਘ ਕੰਧੋਲਾ ਕੈਨੇਡਾ, ਸੁੱਚਾ ਸਿੰਘ ਕੈਨੇਡਾ, ਪ੍ਰਿੰਸੀਪਲ ਹਰਨਾਮ ਸਿੰਘ ਨਾਗਰਾ, ਬਲਜੀਤ ਸਿੰਘ ਭਾਰਾਪੁਰ,ਸ:ਬਖਸ਼ੀਸ਼ ਸਿੰਘ ਬੈਂਸ, ਬੀਬੀ ਕਮਲਜੀਤ ਕੌਰ ਬੈਂਸ, ਦੀਪਕ ਬਾਲੀ ਜਲੰਧਰ, ਰਜਿੰਦਰ ਕੌਰ, ਸੁਰਿੰਦਰ ਸਿੰਘ ਥਾਂਦੀ ਸਰਪੰਚ ਭੰਮੀਆਂ,ਸ:ਸੁੱਚਾ ਸਿੰਘ ਚਾਂਦਪੁਰੀ, ਪਿਆਰਾ ਸਿੰਘ ਸਹੂੰਗੜਾ, ਆਤਮਾ ਰਾਮ ਟੋਰੋਵਾਲ,ਗੁਰਪ੍ਰੀਤ ਸਿੰਘ, ਭੀਖਮ ਸਿੰਘ, ਚੌਧਰੀ ਹਰਬੰਸ ਸਿੰਘ ਪੈਲੀ, ਰੀਨਾ,ਅਸ਼ੋਕ ਕੁਮਾਰ ਸਮੇਤ ਕੰਢੀ ਬੀਤ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਮੌਕੇ ਟਰਸੱਟ ਦੇ ਮੀਤ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ, ਸ. ਬਲਬੀਰ ਸਿੰਘ ਬੈਂਸ ਜਨਰਲ ਸਕੱਤਰ, ਸ. ਰਘਬੀਰ ਸਿੰਘ ਮੁੱਖ ਪ੍ਰਬੰਧਕ ਨੇ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ।